ਨਵੀਂ ਦਿੱਲੀ, 9 ਜਨਵਰੀ
ਭਾਰਤੀ ਕ੍ਰਿਕਟ ਬੋਰਡ ਨੇ ਆਸਟਰੇਲੀਆ ਦੀ ਧਰਤੀ ਉੱਤੇ ਲੜੀ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਦੇ ਲਈ ਇਨਾਮਾਂ ਦੀ ਬੋਰੀ ਦੀ ਮੂੰਹ ਖੋਲ੍ਹ ਦਿੱਤਾ ਹੈ। ਬੋਰਡ ਵੱਲੋਂ ਅੱਜ ਕੀਤੇ ਐਲਾਨ ਅਨੁਸਾਰ ਹਰ ਖਿਡਾਰੀ ਨੂੰ ਪ੍ਰਤੀ ਮੈਚ ਦੇ ਹਿਸਾਬ ਨਾਲ 15 ਲੱਖ ਰੁਪਏ ਦਿੱਤੇ ਜਾਣਗੇ। ਇਹ ਨਗਦ ਰਾਸ਼ੀ ਮੈਚ ਖੇਡਣ ਵਾਲੇ ਗਿਆਰਾਂ ਖਿਡਾਰੀਆਂ ਨੂੰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਐਂਡ ਕੰਪਨੀ ਨੇ ਆਸਟਰੇਲੀਆ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਨਾਲ ਹਰਾ ਦਿੱਤਾ ਹੈ। ਭਾਰਤ ਨੂੰ ਇਹ ਸ਼ਾਨਦਾਰ ਜਿੱਤ 71 ਸਾਲਾਂ ਦੀ ਲੰਬੀ ਉਡੀਕ ਬਾਅਦ ਮਿਲੀ ਹੈ। ਟੀਮ ਨੂੰ ਵਧਾਈ ਦਿੰਦਿਆਂ ਬੋਰਡ ਨੇ ਰਾਖਵੇਂ ਖਿਡਾਰੀਆਂ ਅਤੇ ਟੀਮ ਦੇ ਸਟਾਫ ਲਈ ਵੀ ਇਨਾਮਾਂ ਦਾ ਐਲਾਨ ਕੀਤਾ ਹੈ।
ਅੱਜ ਕੀਤੇ ਐਲਾਨ ਅਨੁਸਾਰ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ ਮੈਚ ਫੀਸ ਦੇ ਬਰਾਬਰ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਸਾਢੇ ਸੱਤ ਲੱਖ ਰੁਪਏ ਰਾਖਵੇਂ ਖਿਡਾਰੀਆਂ ਨੂੰ ਪ੍ਰਤੀ ਖਿਡਾਰੀ ਮਿਲਣਗੇ। ਹਰ ਕੋਚ ਨੂੰ ਪੱਚੀ-ਪੱਚੀ ਲੱਖ ਰੁਪਏ ਮਿਲਣਗੇ। ਗੈਰਕੋਚਿਗ ਸਟਾਫ ਨੂੰ ਉਨ੍ਹਾਂ ਦੀ ਤਨਖਾਹ ਅਤੇ ਪੇਸ਼ੇਵਰ ਫੀਸ ਦੇ ਹਿਸਾਬ ਨਾਲ ਬੋਨਸ ਮਿਲੇਗਾ।
ਭਾਰਤ ਨੇ ਐਡੀਲਡ ਵਿਚ ਪਹਿਲਾ ਅਤੇ ਤੀਜਾ ਟੈਸਟ ਮੈਚ ਜਿੱਤਿਆ ਹੈ।ਮੇਜ਼ਬਾਨਾਂ ਨੇ ਪਰਥ ਵਿਚ ਜਿੱਤ ਦਰਜ ਕੀਤੀ ਅਤੇ ਅਤੇ ਸਿਡਨੀ ਵਿਚ ਚੌਥਾ ਟੈਸਟ ਖਰਾਬ਼ ਮੌਸਮ ਕਾਰਨ ਡਰਾਅ ਖੇਡਿਆ ਗਿਆ ਸੀ।