ਨਵੀਂ ਦਿੱਲੀ, 17 ਫਰਵਰੀ
ਭਾਰਤ ਇਸ ਸਾਲ ਆਸਟਰੇਲੀਆ ਦੌਰੇ ਦੌਰਾਨ ਦਿਨ-ਰਾਤ ਟੈਸਟ ਖੇਡੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਆਸਟਰੇਲੀਆ ਦੌਰੇ ਦੌਰਾਨ ਦਿਨ-ਰਾਤ ਟੈਸਟ ਖੇਡਣ ਲਈ ਤਿਆਰ ਹੈ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ‘‘ਹਾਂ, ਆਸਟਰੇਲੀਆ ਵਿੱਚ ਭਾਰਤ ਦਿਨ-ਰਾਤ ਟੈਸਟ ਖੇਡੇਗਾ। ਛੇਤੀ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ।’’
ਸਾਬਕਾ ਭਾਰਤੀ ਕਪਤਾਨ ਗਾਂਗੁਲੀ ਨੇ ਨਾਲ ਹੀ ਕਿਹਾ ਕਿ ਇੰਗਲੈਂਡ ਖ਼ਿਲਾਫ਼ ਅਗਲੀ ਘਰੇਲੂ ਲੜੀ ਦਾ ਦੂਜਾ ਟੈਸਟ ਦਿਨ-ਰਾਤ ਦਾ ਮੁਕਾਬਲਾ ਹੋਵੇਗਾ। ਉਸ ਨੇ ਕਿਹਾ ਕਿ ਬੋਰਡ ਭਵਿੱਖ ਵਿੱਚ ਹਰੇਕ ਲੜੀ ਵਿੱਚ ਇੱਕ ਦਿਨ-ਰਾਤ ਟੈਸਟ ਕਰਵਾਉਣ ਦਾ ਯਤਨ ਕਰੇਗਾ। ਭਾਰਤ ਨੇ ਆਪਣਾ ਪਹਿਲਾ ਦਿਨ-ਰਾਤ ਟੈਸਟ ਬੀਤੇ ਸਾਲ ਨਵੰਬਰ ਵਿੱਚ ਬੰਗਲਾਦੇਸ਼ ਖ਼ਿਲਾਫ਼ ਈਡਨ ਗਾਰਡਨ ਵਿੱਚ ਖੇਡਿਆ ਸੀ ਅਤੇ ਇਸ ਮੈਚ ਆਸਾਨ ਜਿੱਤ ਦਰਜ ਕੀਤੀ ਸੀ। ਆਸਟਰੇਲੀਆ ਦੌਰੇ ’ਤੇ ਦਿਨ-ਰਾਤ ਟੈਸਟ ਦੀ ਥਾਂ ਅਜੇ ਤੈਅ ਨਹੀਂ ਹੈ, ਪਰ ਗੁਲਾਬੀ ਗੇਂਦ ਦੇ ਮੈਚ ਦੀ ਮੇਜ਼ਬਾਨੀ ਪਰਥ ਜਾਂ ਐਡੀਲੇਡ ਨੂੰ ਮਿਲਣ ਦੀ ਸੰਭਾਵਨਾ ਹੈ।
ਬੀਤੇ ਮਹੀਨੇ ਆਸਟਰੇਲੀਆ ਖ਼ਿਲਾਫ਼ ਘਰੇਲੂ ਧਰਤੀ ’ਤੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ਤੋਂ ਪਹਿਲਾਂ ਕੋਹਲੀ ਨੇ ਕਿਹਾ ਸੀ, ‘‘ਅਸੀਂ ਚੁਣੌਤੀ ਲਈ ਤਿਆਰ ਹਾਂ – ਚਾਹੇ ਇਹ ਗਾਬਾ ਹੋਵੇ ਜਾਂ ਪਰਥ… ਇਹ ਸਾਡੇ ਲਈ ਕੋਈ ਮਾਅਨੇ ਨਹੀਂ ਰੱਖਦਾ। ਇਹ ਕਿਸੇ ਵੀ ਟੈਸਟ ਲੜੀ ਦਾ ਬਹੁਤ ਹੀ ਰੋਮਾਂਚਕ ਹਿੱਸਾ ਬਣ ਗਿਆ ਹੈ ਅਤੇ ਅਸੀਂ ਦਿਨ-ਰਾਤ ਟੈਸਟ ਖੇਡਣ ਲਈ ਤਿਆਰ ਹਾਂ।” ਭਾਰਤ ਨੇ ਸਾਲ 2018-19 ਵਿੱਚ ਐਡੀਲੇਡ ’ਚ ਦਿਨ-ਰਾਤ ਟੈਸਟ ਖੇਡਣ ਸਬੰਧੀ ਆਸਟਰੇਲੀਆ ਦੀ ਅਪੀਲ ਰੱਦ ਕਰ ਦਿੱਤੀ ਸੀ ਅਤੇ ਇਸ ਮਗਰੋਂ ਤਜਰਬੇ ਦੀ ਘਾਟ ਦਾ ਹਵਾਲਾ ਦਿੱਤਾ ਸੀ। ਇਸ ਦੌਰਾਨ ਪਤਾ ਚੱਲਿਆ ਹੈ ਕਿ ਭਾਰਤ ਆਈਪੀਐੱਲ ਮਗਰੋਂ ਸ੍ਰੀਲੰਕਾ ਵਿੱਚ ਤਿੰਨ ਇੱਕ ਰੋਜ਼ਾ ਕੌਮਾਂਤਰੀ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਖੇਡੇਗਾ।