ਮੈਲਬਰਨ:ਭਾਰਤ ਨੂੰ ਆਸਟਰੇਲੀਆ ਓਪਨ ਟੂਰਨਾਮੈਂਟ ਵਿਚ ਲਗਾਤਾਰ ਦੂਜੇ ਦਿਨ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਰੋਹਨ ਬੋਪੰਨਾ ਅਤੇ ਬੇਨ ਮੈਕਲਾਚਲਨ ਦੀ ਜੋੜੀ ਬੁੱਧਵਾਰ ਨੂੰ ਪੁਰਸ਼ ਡਬਲਜ਼ ਦੇ ਪਹਿਲੇ ਦੌਰ ਦੇ ਸਖ਼ਤ ਮੁਕਾਬਲੇ ਵਿੱਚ ਜੀ ਸੁੰਗ ਨੈਮ ਅਤੇ ਮਿਨ ਕਿਊ ਸੌਂਗ ਦੀ ਜੋੜੀ ਤੋਂ ਹਾਰ ਗਈ। ਬੋਪੰਨਾ ਅਤੇ ਜਾਪਾਨ ਦੇ ਉਸ ਦੇ ਜੋੜੀਦਾਰ ਨੂੰ ਕੋਰੀਆ ਦੇ ਵਾਈਲਡ ਕਾਰਡ ਧਾਰਕ ਜੋੜੀ ਖ਼ਿਲਾਫ਼ ਇੱਕ ਘੰਟਾ 17 ਮਿੰਟਾਂ ਵਿਚ 4-6, 6-7 ਨਾਲ ਹਾਰ ਮਿਲੀ। ਬੋਪੰਨਾ ਨੂੰ ਇਕਾਂਤਵਾਸ ਰਹਿਣ ਕਾਰਨ ਮੈਦਾਨ ਵਿਚ ਇਕਾਗਰ ਚਿੱਤ ਹੋ ਕੇ ਖੇਡਣ ਵਿਚ ਮੁਸ਼ਕਲ ਆਈ। ਮੈਕਲਾਚਲਨ ਵੀ ਪ੍ਰੇਸ਼ਾਨ ਦਿਖਾਈ ਦੇ ਰਹੇ ਸਨ, ਜੋੜੀ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਿਆ। ਬੋਪੰਨਾ ਨੇ ਇਕਾਂਤਵਾਸ ਹੋਣ ਦੌਰਾਨ 14 ਦਿਨ ਆਪਣੇ ਕਮਰੇ ਵਿਚ ਹੀ ਬਿਤਾਏ ਅਤੇ 30 ਜਨਵਰੀ ਨੂੰ ਉਸ ਨੂੰ ਮੈਦਾਨ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ। ਹਾਲਾਂਕਿ, ਉਹ ਫਰੈਡਰਿਕ ਨੀਲਸਨ ਨਾਲ ਖੇਡਦੇ ਹੋਏ ਆਸਟਰੇਲਿਆਈ ਓਪਨ ਦੇ ਤਿਆਰੀ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹਾਰ ਗਿਆ ਸੀ। ਬੋਪੰਨਾ ਨੇ ਪਹਿਲੇ ਸੈੱਟ ਵਿਚ ਹੀ ਆਪਣੀ ਸਰਵਿਸ ਗੁਆ ਦਿੱਤੀ। ਕੋਰੀਅਨ ਜੋੜੀ ਨੇ ਇਸ ਸ਼ੁਰੂਆਤੀ ਦਬਦਬੇ ਨੂੰ ਬਰਕਰਾਰ ਰੱਖਦੇ ਹੋਏ ਪਹਿਲਾ ਸੈੱਟ ਜਿੱਤ ਲਿਆ। ਭਾਰਤ ਦੀ ਉਮੀਦ ਹੁਣ ਪੁਰਸ਼ ਡਬਲਜ਼ ਵਿੱਚ ਦਿਵਿਜ ਸ਼ਰਨ ਅਤੇ ਮਹਿਲਾ ਡਬਲਜ਼ ਵਿੱਚ ਅੰਕਿਤਾ ਰੈਨਾ ’ਤੇ ਹੈ।