ਮੈਲਬੌਰਨ, 11 ਜਨਵਰੀ
ਭਾਰਤ ਦਾ ਉਭਰਦਾ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਇੱਕ ਹੋਰ ਸਿੱਧੇ ਸੈੱਟਾਂ ਵਿਚ ਮਿਲੀ ਜਿੱਤ ਦੇ ਨਾਲ ਆਪਣੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਦੇ ਵਿਚ ਹਿੱਸਾ ਲੈਣ ਦੇ ਨੇੜੇ ਪੁੱਜ ਗਿਆ ਹੈ ਪਰ ਅੰਕਿਤਾ ਰੈਨਾ ਅਤੇ ਰਾਮ ਕੁਮਾਰ ਫਸਵੇਂ ਮੈਚਾਂ ਵਿਚ ਹਾਰ ਕੇ ਆਸਟਰੇਲਿਆਈ ਓਪਨ ਕੁਆਲੀਫਾਈਰਜ਼ ਵਿਚੋਂ ਬਾਹਰ ਹੋ ਗਏ ਹਨ। ਛੇਵਾਂ ਦਰਜਾ ਪ੍ਰਜਨੇਸ਼ ਨੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿਚ ਸਪੇਨ ਦੇ ਐਨਰੀਕੇ ਲੋਪੇਜ ਪੇਰੇਜ ਨੂੰ 6-3, 6-3 ਨਾਲ ਹਰਾ ਦਿੱਤਾ ਹੈ। ਵਿਸ਼ਵ ਦੇ ਵਿਚ 112 ਦਰਜਾਬੰਦੀ ਉੱਤੇ ਕਾਬਜ਼ ਪ੍ਰਜਨੇਸ਼ ਦੀ ਟੱਕਰ ਹੁਣ ਜਾਪਾਨ ਦੇ ਯੋਸੁਕੇ ਵਾਟਾਨਾਕੀ ਦੇ ਨਾਲ ਹੋਵੇਗੀ, ਜਿਸਦੀ ਦਰਜਾਬੰਦੀ 192 ਹੈ। ਜੇ ਪ੍ਰਜਨੇਸ਼ ਭਲਕੇ ਮੈਚ ਜਿੱਤ ਜਾਂਦਾ ਹੈ ਤਾਂ ਉਸ ਦਾ ਇਹ ਗਰੈਂਡਸਲੈਮ ਟੂਰਨਾਮੈਂਟ ਵਿਚ ਪਹਿਲਾ ਮੇਨ ਡਰਾਅ ਦਾ ਮੈਚ ਹੋਵੇਗਾ। ਬਦਕਿਸਮਤੀ ਨੂੰ ਉਹ 2018 ਵਿਚ ਫਰੈਂਚ ਓਪਨ ਵਿਚ ਖੇਡਣ ਤੋਂ ਰਹਿ ਗਿਆ ਸੀ। ਉਹ ਲੱਕੀ ਲੂਜ਼ਰ ਰਾਹੀ ਮੇਨ ਡਰਾਅ ਵਿਚ ਪੁੱਜਿਆ ਸੀ ਪਰ ਉਹ ਪੈਰਿਸ ਤੋਂ ਨਿਕਲ ਗਿਆ ਸੀ ਅਤੇ ਚੈਲੇਂਜਰ ਟੂਰਨਾਮੈਂਟ ਵਿਚ ਖੇਡਿਆ ਸੀ। ਯੂਕੀ ਭਾਂਬਰੀ 2018 ਦੇ ਚਾਰੇ ਗਰੈਂਡ ਸਲੈਮ ਖੇਡਿਆ ਸੀ। ਰਾਮਕੁਮਾਰ ਜੋ ਵਿਸ਼ਵ ਦਰਜਾਬੰਦੀ ਵਿਚ 132 ਵੇਂ ਨੰਬਰ ਦਾ ਖਿਡਾਰੀ ਹੈ, ਉਹ ਇੱਕ ਫਸਵੇਂ ਮੈਚ ਦੇ ਵਿਚ ਜਰਮਨੀ ਦੇ ਰੁਡੋਲਫ ਮੋਲੇਕਰ ਤੋਂ 7-5, 5-7-ਅਤੇ 6-7 ਨਾਲ ਹਾਰ ਗਿਆ। ਅੰਕਿਤਾ ਰੈਨਾ ਸਪੇਨ ਦੀ ਖਿਡਾਰਨ ਪਾਓਲਾ ਬਾਦੋਸਾ ਗਿਬਰਟ ਤੋਂ 6-4,2-6,4-6 ਨਾਲ ਹਾਰ ਗਈ।