ਬ੍ਰਿਸਬਨ, 6 ਜਨਵਰੀ
ਸਰਬਿਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਕਿਹਾ ਕਿ ਜੇਕਰ ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਧੂੰਏਂ ਨਾਲ ਖਿਡਾਰੀਆਂ ਦੀ ਸਿਹਤ ’ਤੇ ਅਸਰ ਪੈਂਦਾ ਹੈ ਤਾਂ ਆਸਟਰੇਲੀਅਨ ਓਪਨ ਦੇ ਪ੍ਰਬੰਧਕਾਂ ਨੂੰ ਇਸ ਨੂੰ ਦੇਰ ਨਾਲ ਕਰਵਾਉਣ ’ਤੇ ਵਿਚਾਰ ਕਰਨਾ ਚਾਹੀਦਾ ਹੈ।
ਸਾਲ ਦਾ ਪਹਿਲਾ ਗਰੈਂਡ ਸਲੈਮ ਟੂਰਨਾਮੈਂਟ 20 ਜਨਵਰੀ ਤੋਂ ਮੈਲਬਰਨ ਪਾਰਕ ਵਿੱਚ ਸ਼ੁਰੂ ਹੋਣਾ ਹੈ, ਪਰ ਜੰਗਲ ਵਿੱਚ ਲੱਗੀ ਅੱਗ ਸ਼ਨਿੱਚਰਵਾਰ ਨੂੰ ਪੂਰਬ ਵਾਲੇ ਪਾਸੇ ਵਧੀ ਅਤੇ ਇਸ ਦਾ ਧੂੰਆਂ ਸ਼ਹਿਰ ਵਿੱਚ ਫੈਲ ਗਿਆ। ਇਸ ਕਾਰਨ ਹਵਾ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ। ਏਟੀਪੀ ਖਿਡਾਰੀ ਕੌਂਸਲ ਦੇ ਪ੍ਰਧਾਨ ਜੋਕੋਵਿਚ ਨੇ ਅੱਜ ਸਵੇਰੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਦੇਰ ਨਾਲ ਕਰਵਾਉਣਾ ਹੀ ਆਖ਼ਰੀ ਬਦਲ ਹੋਵੇਗਾ, ਪਰ ਇਸ ਬਾਰੇ ਵਿਚਾਰ-ਚਰਚਾ ਕਰਨ ਦੀ ਲੋੜ ਹੈ। ਉਹ ਬ੍ਰਿਸਬਨ ਵਿੱਚ ਚੱਲ ਰਹੇ ਸ਼ੁਰੂਆਤੀ ਏਟੀਪੀ ਕੱਪ ਟੀਮ ਮੁਕਾਬਲੇ ਵਿੱਚ ਸਰਬੀਆ ਵੱਲੋਂ ਖੇਡ ਰਿਹਾ ਹੈ। ਜਦੋਂ ਉਸ ਨੂੰ ਇਸ ਮਾਮਲੇ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਜੇਕਰ ਗੱਲ ਖਿਡਾਰੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਹਾਲਾਤ ’ਤੇ ਆਵੇਗੀ ਤਾਂ ਮੇਰਾ ਖ਼ਿਆਲ ਹੈ ਕਿ ਸਾਨੂੰ ਯਕੀਨੀ ਤੌਰ ’ਤੇ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਪਰ ਮੈਨੂੰ ਲਗਦਾ ਹੈ ਕਿ ਇਹ ਬਿਲਕੁਲ ਹੀ ਆਖ਼ਰੀ ਬਦਲ ਹੋਵੇਗਾ, ਪਰ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਦਿਨਾਂ ਦੇ ਮਾਮਲੇ ਵਿੱਚ ਦੇਰ ਨਾ ਹੋਵੇ।’’ ਆਸਟਰੇਲੀਆ ਦੇ ਜੰਗਲ ਵਿੱਚ ਲੱਗੀ ਅੱਗ ਕਾਰਨ ਹੁਣ ਤਕ 24 ਜਾਨਾਂ ਜਾ ਚੁੱਕੀਆਂ ਹਨ।