ਮੈਲਬਰਨ, 20 ਜਨਵਰੀ

ਭਾਰਤ ਦੇ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਅਤੇ ਮਹਿਲਾ ਡਬਲਜ਼ ਮੁਕਾਬਲਿਆਂ ਦੇ ਪਹਿਲੇ ਦੌਰ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਏ ਹਨ। ਰੋਹਨ ਬੋਪੰਨਾ ਤੇ ਉਸ ਦੇ ਫਰਾਂਸੀਸੀ ਜੋੜੀਦਾਰ ਰੋਜਰ ਵੇਸਲਿਨ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਫਿਲਪੀਨਜ਼ ਤੇ ਇੰਡੋਨੇਸ਼ੀਆ ਦੇ ਖਿਡਾਰੀਆਂ ਟਰੀਟ ਹੁੲੈ ਅਤੇ ਕ੍ਰਿਸਟੋਫਰ ਰੰਗਕਾਟ ਦੀ ਜੋੜੀ ਹੱਥੋਂ 6-3, 6-7 (2), 2-6 ਨਾਲ ਹਾਰ ਨਸੀਬ ਹੋਈ। ਦੂਜੇ ਪਾਸੇ ਸਾਨੀਆ ਮਿਰਜ਼ਾ ਅਤੇ ਉਸ ਦੀ ਜੋੜੀਦਾਰ ਯੂਕਰੇਨ ਦੀ ਨਾਦੀਆ ਜ਼ਿਦਾਨਸੇਕ ਨੂੰ ਸਲੋਵੇਨੀਆ ਦੀਆਂ ਤਮਾਰਾ ਜ਼ਿਦਾਨਸੇਕ ਅਤੇ ਕਾਜਾ ਜੁਵਾਨ ਹੱਥੋਂ 4-6, 6-7 (5) ਹਾਰ ਮਿਲੀ ਹੈ। ਬੋਪੰਨਾ ਤੇ ਸਾਨੀਆ ਹੁਣ ਆਪਣੇ ਜੋੜੀਦਾਰਾਂ ਨਾਲ ਮਿਕਸਡ ਡਬਲਜ਼ ਵਰਗ ਵਿੱਚ ਕਿਸਮਤ ਅਜ਼ਮਾਉਣਗੇ।  

ਇਸੇ ਦੌਰਾਨ ਰਾਫੇਲ ਨਾਡਾਲ ਅਤੇ ਐਸ਼ਲੇ ਬਾਰਟੀ ਨੇ ਕ੍ਰਮਵਾਰ ਪੁੁਰਸ਼ ਅਤੇ ਮਹਿਲਾ ਸਿੰਗਲ ਵਰਗ ਦੇ ਤੀਜੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਨਾਡਾਲ ਨੇ ਜਰਮਨੀ ਦੇ ਯਾਨਿਕ ਹਾਫਮੈਨ ਨੂੰ 6-2, 6-3, 6-4 ਨਾਲ ਜਦਕਿ ਐਸ਼ਲੇ ਬਾਰਟ ਨੇ ਲੂਸੀਆ ਬ੍ਰੋਨਜੇਟੀ ਨੂੰ 6-1, 6-1 ਨਾਲ ਹਰਾਇਆ। ਮਹਿਲਾ ਵਰਗ ਵਿੱਚ 8ਵਾਂ ਦਰਜਾ ਹਾਸਲ ਪਾਓਲਾ ਬਾਡੋਸਾ ਅਤੇ ਦੋ ਵਾਰ ਦੀ ਆਸਟਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜਾਰੇਂਕਾ ਨੇ ਵੀ ਤੀਜੇ ਦੌਰ ’ਚ ਜਗ੍ਹਾ ਬਣਾ ਲਈ ਹੈ।