ਮੈਲਬਰਨ, 21 ਜਨਵਰੀ
ਰਾਫੇਲ ਨਡਾਲ ਨੇ ਆਪਣੇ ਹਮਲਾਵਰ ਖੇਡ ਦਾ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇਥੇ ਵਿਸ਼ਵ ਦੇ ਸਾਬਕਾ ਨੰਬਰ ਚਾਰ ਖਿਡਾਰੀ ਟਾਮਸ ਬਰਡਿਚ ਨੂੰ ਆਸਾਨੀ ਨਾਲ ਹਰਾ ਕੇ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਹੁਣ ਉਸ ਦਾ ਸਾਹਮਣਾ ‘ਖ਼ਤਰਨਾਕ’ ਫਰਾਂਸਿਸ ਟਿਫੋਓ ਨਾਲ ਹੋਵੇਗਾ। ਸਟੀਪਾਸ ਦੇ ਮੌਜੂਦਾ ਚੈਂਪੀਅਨ ਫੈਡਰਰ ਨੂੰ ਚੌਥੇ ਗੇੜ ਵਿੱਚ ਬਾਹਰ ਹੋਣਾ ਪਿਆ। ਨੇਕਸਟਜੇਨ ਫਾਈਨਲਜ਼ ਦੇ ਚੈਂਪੀਅਨ ਸਟੀਪਾਸ ਨੇ ਰਾਡ ਲੇਵਰ ਏਰੇਨਾ ਵਿੱਚ ਆਪਣੇ 17 ਸਾਲਾ ਸੀਨੀਅਰ ਫੇਡਰਰ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ। ਗਰੈਂਡਸਲੈਮ ਚੈਂਪੀਅਨ ਨਡਾਲ ਨੇ ਚੈੱਕ ਗਣਰਾਜ ਦੇ ਬਰਡਿਚ ਨੂੰ 6-0, 6-1, 7-6 (7/4) ਨਾਲ ਹਰਾ ਕੇ ਬਿਨਾ ਸੈਟ ਗਵਾਏ ਅੰਤਿਮ ਅੱਠ ਵਿੱਚ ਥਾਂ ਬਣਾਈ। ਨਡਾਲ ਨੂੰ ਹੁਣ ਅਮਰੀਕਾ ਦੇ ਟਿਫੋਓ ਨਾਲ ਭਿੜਨਾ ਹੈ ਜਿਨ੍ਹਾਂ ਨੇ ਪਹਿਲੇ ਹੀ ਪੰਜਵੇਂ ਨੰਬਰ ਦੇ ਖਿਡਾਰੀ ਕੇਵਿਨ ਏਂਡਰਸਨ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ ਹੈ। ਟਿਫੋਓ ਨੇ ਐਤਵਾਰ ਨੂੰ 20ਵੇਂ ਲੰਬਰ ਦੇ ਖਿਡਾਰੀ ਗ੍ਰਿਗੋਰ ਦਿਮਿਤਰੋਵ ਨੂੰ 7-5, 7-6 (8-6), 6-7 (1-7), 7-5 ਨਾਲ ਹਰਾ ਕੇ ਆਪਣਾ 21ਵਾਂ ਜਨਮ ਦਿਨ ਸ਼ਾਨਦਾਰ ਤਰੀਕੇ ਨਾਲ ਮਨਾਇਆ। ਨਡਾਲ 39ਵੇਂ ਰੈਂਕ ਦੇ ਟਿਫੋਓ ਨੂੰ ਲੈ ਕੇ ਸਤਰਕ ਹੈ ਜਿਸ ਦੇ ਖ਼ਿਲਾਫ਼ ਉਹ ਪਹਿਲੀ ਵਾਰ ਖੇਡੇਗਾ। ਸਪੇਨਿਸ਼ ਖਿਡਾਰੀ ਨੇ ਕਿਹਾ, ‘‘ਪਹਿਲੀ ਵਾਰ ਅਸੀਂ ਇਕ ਦੁੂਜੇ ਖ਼ਿਲਾਫ਼ ਖੇਡਾਂਗੇ। ਨਿਸਚਿਤ ਤੌਰ ’ਤੇ ਉਹ ਹਿਸ ਸਮੇਂ ਬਹੁਤ ਚੰਗਾ ਖੇਡ ਰਿਹਾ ਹੈ। ਮੈਂ ਉਸ ਨੂੰ ਜਾਣਦਾ ਹਾਂ। ਉਹ ਪਿਛਲੇ ਕੁਝ ਸਮੇਂ ਤੋਂ ਟੂਰ ਵਿੱਚ ਹੈ। ਉਹ ਨੌਜਵਾਲ ਹੈ ਅਤੇ ਨੌਜਵਾਨ ਖਿਡਾਰੀ ਚੰਗਾ ਪ੍ਰਦਰਸ਼ਨ ਕਰਦੇ ਹਨ ਜਿਸ ਨਾਲ ਉਹ ਵਧ ਧਿਆਨ ਖਿੱਚਦੇ ਹਨ। ਨਡਾਲ ਨੇ ਕਿਹਾ, ‘‘ਉਹ ਬੇਹਦ ਫੁਰਤੀਲਾ ਅਤੇ ਹਮਲਾਵਰ ਖਿਡਾਰੀ ਹੈ, ਨਿਸਚਿਤ ਤੌਰ ’ਤੇ ਉਹ ਖ਼ਤਰਨਾਕ ਹੈ। ਉਹ ਕੁਆਰਟਰ ਫਾਈਨਲ ਵਿੱਚ ਹੈ ਅਮੇ ਇਸ ਵਿੱਚ ਉਸ ਨੇ ਕਈ ਚੰਗੇ ਮੈਚਾਂ ’ਚ ਜਿੱਤ ਦਰਜ ਕੀਤਾ ਹੈ। ਉਹ ਤੇਜ਼ੀ ਨਾਲ ਨੈੱਟ ’ਤੇ ਆਉਂਦਾ ਹੈ। ਦੇਖਦਾ ਹਾਂ ਕਿ ਕੀ ਹੁੰਦਾ ਹੈ।’’