ਮੈਲਬਰਨ, 28 ਜਨਵਰੀ
ਵਿਸ਼ਵ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਰਾਫੇਲ ਨਡਾਲ ਨੇ ਆਸਟਰੇਲੀਅਨ ਓਪਨ ਦੇ ਘਰੇਲੂ ਦਾਅਵੇਦਾਰ ਨਿੱਕ ਕਿਰਗਿਓਸ ਦੀ ਚੁਣੌਤੀ ਆਖ਼ਰੀ-16 ਵਿੱਚ ਖ਼ਤਮ ਕਰਕੇ ਅੱਜ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ, ਜਦੋਂਕਿ ਰੋਮਾਨੀਆ ਦੀ ਸਿਮੋਨਾ ਹਾਲਪੇ ਮਹਿਲਾ ਸਿੰਗਲਜ਼ ਵਰਗ ਦੇ ਆਖ਼ਰੀ ਅੱਠ ’ਚ ਪਹੁੰਚਣ ’ਚ ਕਾਮਯਾਬ ਰਹੀ। ਨਡਾਲ ਤੇ ਹਾਲੇਪ ਤੋਂ ਇਲਾਵਾ ਜਰਮਨੀ ਦੇ ਅਲੈਗਜ਼ੈਂਡਰ ਜ਼ੈਰੇਵ, ਸਟਾਨ ਵਾਵਰਿੰਕਾ ਅਤੇ ਆਸਟਰੀਆ ਦੇ ਡੌਮੀਨਿਕ ਥੀਮ ਨੇ ਵੀ ਆਖ਼ਰੀ ਅੱਠਾਂ ਵਿੱਚ ਥਾਂ ਪੱਕੀ ਕੀਤੀ। ਨਡਾਲ ਦੀ ਟੱਕਰ ਹੁਣ ਥੀਮ ਨਾਲ ਹੋਵੇਗੀ।
ਸਪੇਨ ਦੇ ਨਡਾਲ ਦੀਆਂ ਨਜ਼ਰਾਂ ਮੈਲਬਰਨ ਵਿੱਚ ਜਿੱਤ ਨਾਲ ਫੈਡਰਰ ਦੇ ਰਿਕਾਰਡ 20 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨ ’ਤੇ ਹਨ। ਕਿਰਗਿਓਸ ਨੇ ਇਸ ਮੁਕਾਬਲੇ ਵਿੱਚ ਉਸ ਨੂੰ ਸਖ਼ਤ ਚੁਣੌਤੀ ਦਿੱਤੀ, ਪਰ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੇ ਇਸ ਮੁਕਾਬਲੇ ਨੂੰ 6-3, 3-6, 7-6, 7-6 ਨਾਲ ਆਪਣੇ ਨਾਮ ਕਰ ਲਿਆ। ਬਾਸਕਟਬਾਲ ਖਿਡਾਰੀ ਕੋਬੇ ਬਰਾਇੰਟ ਦੇ ਦੇਹਾਂਤ ’ਤੇ ਟੈਨਿਸ ਖਿਡਾਰੀਆਂ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ। ਕਿਰਗਿਓਸ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਦੇ ਉੱਘੇ ਖਿਡਾਰੀ ਬਰਾਇੰਟ ਦੀ ਟੀਮ ਲਾਸ ਏਂਜਲਸ ਲੇਕਰਜ਼ ਦੀ ਟੀ-ਸ਼ਰਟ ਪਹਿਨ ਕੇ ਕੋਰਟ ’ਤੇ ਉਤਰਿਆ।
ਥੀਮ ਨੇ ਫਰਾਂਸ ਦੇ ਦਸਵਾਂ ਦਰਜਾ ਪ੍ਰਾਪਤ ਗੇਲ ਮੋਨਫਿਲਜ਼ ਨੂੰ 6-2, 6-4, 6-4 ਨਾਲ ਹਰਾਇਆ। ਸੱਤਵਾਂ ਦਰਜਾ ਪ੍ਰਾਪਤ ਜੈਵੇਰੇਵ ਨੇ ਆਪਣੇ ਕਰੀਬੀ ਦੋਸਤ ਅਤੇ ਸ਼ਾਨਦਾਰ ਲੈਅ ਵਿੱਚ ਚੱਲ ਰਹੇ ਰੂਸ ਦੇ ਆਂਦਰੇ ਰੂਬਲੇਵ ਨੂੰ ਸਿੱਧੇ ਸੈੱਟਾਂ ਵਿੱਚ ਮਾਤ ਦਿੱਤੀ। ਜੈਵੇਰੇਵ ਨੇ ਇਹ ਮੁਕਾਬਲਾ ਇੱਕ ਘੰਟਾ ਤੇ 37 ਮਿੰਟ ਤੱਕ ਚੱਲੇ ਮੁਕਾਬਲੇ ਨੂੰ 6-4, 6-4 ਨਾਲ ਆਪਣੇ ਨਾਮ ਕੀਤਾ। ਸੈਮੀ-ਫਾਈਨਲ ’ਚ ਪਹੁੰਚਣ ਲਈ ਉਸ ਨੂੰ ਵਾਵਰਿੰਕਾ ਦੀ ਚੁਣੌਤੀ ਪਾਰ ਕਰਨੀ ਹੋਵੇਗੀ।
ਵਾਵਰਿੰਕ ਨੇ ਇੱਕ ਹੋਰ ਮੈਚ ਵਿੱਚ ਰੂਸ ਦੇ ਦਾਨਿਲ ਮੈਦਵੇਦੇਵ ਨੂੰ ਸ਼ਿਕਸਤ ਦਿੱਤੀ। 15ਵਾਂ ਦਰਜਾ ਪ੍ਰਾਪਤ ਵਾਵਰਿੰਕਾ ਨੇ ਚੌਥਾ ਦਰਜਾ ਪ੍ਰਾਪਤ ਖਿਡਾਰੀ ਨੂੰ 6-2, 2-6, 4-6, 7-6, 6-2 ਨਾਲ ਹਰਾ ਕੇ ਟੂਰਨਾਮੈਂਟ ’ਚੋਂ ਬਾਹਰ ਕੀਤਾ। ਮਹਿਲਾ ਵਰਗ ਵਿੱਚ ਸਿਮੋਨਾ ਹਾਲੇਪ, ਐਨਟ ਕੌਂਟਾਵੇਟ, ਗਾਰਬਾਈਨ ਮੁਗੁਰੂਜ਼ਾ ਅਤੇ ਅਨਾਸਤਾਨੀਆ ਪਾਵਲੀਚੇਨਕੋਵਾ ਕੁਅਰਟਰ ਫਾਈਨਲ ਵਿੱਚ ਥਾਂ ਬਣਾਉਣ ’ਚ ਸਫਲ ਰਹੀਆਂ। ਰੋਮਾਨਿਆਈ ਖਿਡਾਰਨ ਹਾਲੇਪ ਨੇ ਬੈਲਜੀਅਮ ਦੀ ਐਲਿਸ ਮਰਟੈਨਜ਼ ਨੂੰ 6-4, 6-4 ਨਾਲ ਹਰਾ ਕੇ ਆਖ਼ਰੀ ਅੱਠਾਂ ਵਿੱਚ ਥਾਂ ਬਣਾਈ।
ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਅਤੇ ਸਾਲ 2018 ਦੇ ਫਾਈਨਲ ਵਿੱਚ ਕੈਰੋਲਾਈਨ ਵੋਜ਼ਨਿਆਕੀ ਤੋਂ ਹਾਰਨ ਵਾਲੀ ਹਾਲੇਪ ਨੇ ਮੈਲਬਰਨ ਵਿੱਚ ਇਸ ਸਾਲ ਹੁਣ ਤੱਕ ਇੱਕ ਵੀ ਸੈੱਟ ਨਹੀਂ ਗੁਆਇਆ।