ਲਾਸ ੲੇਂਜਲਸ:ਹੌਲੀਵੁੱਡ ਸਟਾਰ ਜੋੜਾ ਪ੍ਰਿਯੰਕਾ ਚੋਪੜਾ ਜੋਨਸ ਤੇ ਨਿੱਕ ਜੋਨਸ 93ਵੇਂ ਵੱਕਾਰੀ ਆਸਕਰ ਪੁਰਸਕਾਰ ਲਈ 15 ਮਾਰਚ ਨੂੰ ਨਾਮਜ਼ਦੀਆਂ ਦਾ ਐਲਾਨ ਕਰਨਗੇ। ਇਹ ਜਾਣਕਾਰੀ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਅਤੇ ਸਾਇੰਸਿਜ਼ (ੲੇਐੱਮਬੀਏਐੱਸ) ਨੇ ਆਪਣੀ ਵੈੱਬਸਾਈਟ ’ਤੇ ਸਾਂਝੀ ਕੀਤੀ ਹੈ। ਕੁਲ 23 ਸ਼੍ਰੇਣੀਆਂ ਲਈ ਨਾਮਜ਼ਦਗੀਆਂ ਦਾ ਐਲਾਨ ਵੈੱਬਸਾਈਟ ’ਤੇ ਦੋ ਹਿੱਸਿਆਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਸਬੰਧੀ ਪ੍ਰਿਯੰਕਾ ਚੋਪੜਾ ਜੋਨਸ ਨੇ ਵੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਪ੍ਰਿਯੰਕਾ ਕਹਿੰਦੀ ਹੈ,‘‘ਮੈਨੂੰ ਦੱਸੋ ਅਸੀਂ ਆਸਕਰ ਨਾਮਜ਼ਦਗੀਆਂ ਦਾ ਐਲਾਨ ਮੈਨੂੰ ਦੱਸੇ ਬਗੈਰ ਕਰ ਰਹੇ ਹਾਂ ਪਰ ਵੀਡੀਓ ’ਚ ਨਿੱਕ, ਜੋ ਪ੍ਰਿਯੰਕਾ ਦੇ ਪਿੱਛੇ ਖੜ੍ਹਾ ਹੈ ਤੁਰੰਤ ਅਦਾਕਾਰਾ ਨੂੰ ਚੇਤੇ ਕਰਵਾਉਂਦਾ ਹੈ ਕਿ ਉਸਨੇ ਪਹਿਲਾਂ ਆਪਣੇ ਚਾਹੁਣ ਵਾਲਿਆਂ ਨੂੰ ਦੱਸ ਤਾਂ ਦਿੱਤਾ ਹੈ ਕਿ ਅਸੀਂ ਆਸਕਰ ਨਾਮਜ਼ਦਗੀਆਂ ਦਾ ਐਲਾਨ ਕਰਨ ਜਾ ਰਹੇ ਹਾਂ।’’ ਪ੍ਰਿਯੰਕਾ ਨੇ ਆਖਿਆ,‘‘ਖ਼ੈਰ, ਚੰਗਾ ਹੈ ਕਿ ਅਸੀਂ ਆਸਕਰ ਲਈ ਨਾਮਜ਼ਦਗੀਆਂ ਦਾ ਐਲਾਨ ਕਰਾਂਗੇ।’’ ਜਾਣਕਾਰੀ ਅਨੁਸਾਰ ਇਹ ਪਹਿਲਾ ਮੌਕਾ ਹੈ ਜਦੋਂ ਇਹ ਜੋੜਾ ਅਕੈਡਮੀ ਪੁਰਸਕਾਰ ਲਈ ਨਾਮਜ਼ਦਗੀਆਂ ਦਾ ਐਲਾਨ ਕਰੇਗਾ। ਇਸ ਤੋਂ ਪਹਿਲਾਂ ਉਹ ਕਾਫੀ ਸ਼੍ਰੇਣੀਆਂ ਲਈ ਪੁਰਸਕਾਰ ਪੇਸ਼ ਕਰਨ ਲਈ ਸਟੇਜ ਸਾਂਝੀ ਕਰ ਚੁੱਕੇ ਹਨ।