ਜਲੰਧਰ, 9 ਜੁਲਾਈ

ਕਰੋਨਾ ਮਹਾਮਾਰੀ ਦੇ ਸਮੇਂ ਫਰੰਟ ਲਾਈਨ ’ਤੇ ਲੜਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਨੇ ਪੰਜਾਬ ਸਰਕਾਰ ਦੀ ਆਸ਼ਾ ਵਰਕਰ ਵਿਰੋਧੀ ਨੀਤੀਆਂ ਕਾਰਨ ਆਪਣੀ ਮਿਹਨਤ ਦਾ ਮੁੱਲ ਨਾ ਮਿਲਣ ਦੇ ਰੋਸ ਵਜੋਂ 9 ਜੁਲਾਈ ਤੋਂ ਕੋਵਿਡ 19 ਦੇ ਹਰ ਤਰ੍ਹਾਂ ਦੇ ਕੰਮ ਅਤੇ ਹੋਰ ਬਣਦੇ ਕੰਮਾਂ ਦਾ ਬਾਈਕਾਟ ਕਰਕੇ ਸਬ ਸੈਂਟਰਾਂ ’ਤੇ ਰੋਸ਼ ਪ੍ਰਦਰਸ਼ਨ ਕਰਕੇ ਤਿੰਨ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਜ਼ਿਲ੍ਹੇ ਦੀਆਂ ਆਸਾਂ ਵਰਕਰਾਂ ਨੇ ਵੱਖ ਵੱਖ ਸਬ-ਸੈਂਟਰਾ ਵਿੱਚ ਸੂਬਾਈ ਆਗੂ ਮਨਦੀਪ ਕੌਰ ਸੰਧੂ, ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਜਨਰਲ ਸਕੱਤਰ ਅੰਮ੍ਰਿਤਪਾਲ ਕੌਰ ਦੀ ਅਗਵਾਈ ਹੇਠ ਇਕਠੇ ਹੋ ਕੇ ਪੰਜਾਬ ਸਰਕਾਰ ਦੀ ਆਸ਼ਾ ਵਰਕਰਾਂ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ। ਜ਼ਿਲ੍ਹਾ ਆਗੂ ਸੀਤਾ ਬੁਲੰਦਪੁਰ, ਆਸ਼ਾ ਗੁਪਤਾ ਜਲੰਧਰ, ਕੁਲਜੀਤ ਕੌਰ ਜੰਡਿਆਲਾ, ਸੁਖਨਿੰਦਰ ਕੌਰ ਬੜਾ ਪਿੰਡ, ਆਸ਼ਾ ਰਾਣੀ ਮਹਿਤਪੁਰ ਆਦਿ ਨੇ ਦੱਸਿਆ ਕਿ ਕੋਵਿਡ19 ਦੀ ਮਹਾਮਾਰੀ ਦੌਰਾਨ ਔਖੀ ਹਾਲਤ ਵਿੱਚ ਕੰਮ ਬਦਲੇ ਪਹਿਲੀ ਜਨਵਰੀ ਤੋਂ 30 ਜੂਨ ਤੱਕ ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਅਤੇ ਫੈਸਿਲੀਟੇਟਰਜ਼ ਨੂੰ 1500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਸੀ, ਜੋ ਕਿ ਹੁਣ ਬੰਦ ਕਰ ਦਿੱਤਾ ਹੈ। ਇਸ ਦੇ ਉਲਟ ਕਰੋਨਾ ਮਹਾਮਾਰੀ ਦੇ ਸੰਕਟ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧਣ ਨਾਲ ਆਸ਼ਾ ਵਰਕਰਾਂ ’ਤੇ ਕੰਮ ਦਾ ਦਬਾਅ ਵੱਧ ਗਿਆ ਹੈ। ਘਰ ਘਰ ਸਰਵੇਖਣ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਚਾਰ ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇ ਕੇ ਉਨ੍ਹਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ।

ਉਧਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੁਬਾਈ ਆਗੂ ਹਰਿੰਦਰ ਦੁਸਾਂਝ, ਅਮਰਜੀਤ ਸ਼ਾਸਤਰੀ ਮੁੱਖ ਸਲਾਹਕਾਰ ਆਸਾਂ ਵਰਕਰਜ਼ ਅਤੇ ਫੈਡਰੇਸ਼ਨ ਨੇ ਆਸ਼ਾ ਵਰਕਰਾਂ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਸਰਕਾਰ ਕਰੋਨਾ ਫਤਹਿ ਕਰਨ ਲਈ ਵੱਡੇ ਵੱਡੇ ਕਾਗਜ਼ੀ ਐਲਾਨ ਕਰ ਰਹੀ ਹੈ ਪਰ ਕਰੋਨਾ ਮਹਾਮਾਰੀ ਦੀ ਮੂਹਰਲੀ ਕਤਾਰ ਦੀਆਂ ਅਸਲੀ ਯੋਧੇ ਆਸ਼ਾ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਵੱਖ ਵੱਖ ਬਲਾਕਾਂ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਘਰ ਸਰਵੇਖਣ ਦੇ ਪੈਸਿਆਂ ਵਿੱਚ 12 ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦਿੱਤਾ ਜਾਵੇ। ਜਿੰਨਾ ਚਿਰ ਪੰਜਾਬ ਕਰੋਨਾ ਮੁਕਤ ‘ਫਤਿਹ’ ਮਿਸ਼ਨ ਪੂਰਾ ਨਹੀਂ ਹੁੰਦਾ ਉਨ੍ਹਾਂ ਨੂੰ ਮਿਲਦਾ ਕਰੋਨਾ ਮੁਕਤੀ ਭੱਤਾ ਜਾਰੀ ਰੱਖਿਆ ਜਾਵੇ। ਆਸ਼ਾ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ। ਮ੍ਰਿਤਕ ਆਸ਼ਾ ਵਰਕਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।