ਬਰਮਿੰਘਮ:ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਸਵਿਸ ਓਪਨ ਫਾਈਨਲ ਵਿੱਚ ਮਿਲੀ ਹਾਰ ਨੂੰ ਭੁੱਲ ਕੇ ਭਲਕੇ ਬੁੱਧਵਾਰ ਨੂੰ ਇਥੇ ਸ਼ੁਰੂ ਹੋਣ ਵਾਲੀ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਵੱਡੇ ਖਿਡਾਰੀਆਂ ਦੀ ਗੈਰ-ਮੌਜੂਦਗੀ ਦਾ ਫਾਇਦਾ ਚੁੱਕ ਕੇ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਸਿੰਧੂ ਨੂੰ ਸਵਿਸ ਓਪਨ ਫਾਈਨਲ ਵਿੱਚ ਹਰਾਉਣ ਵਾਲੀ ਸਪੇਨ ਦੀ ਕੈਰੋਲੀਨਾ ਮਾਰਿਨ ਇਸ ਟੂਰਨਾਮੈਂਟ ਵਿੱਚ ਨਹੀਂ ਖੇਡ ਰਹੀ। ਚੀਨ, ਕੋਰੀਆ ਅਤੇ ਚੀਨੀ ਤਾਇਪੇ ਦੇ ਖਿਡਾਰੀ ਵੀ ਇਸ ਸੁਪਰ 1000 ਟੂਰਨਾਮੈਂਟ ਵਿੱਚ ਨਹੀਂ ਖੇਡਣਗੇ। ਇਸ ਨਾਲ ਭਾਰਤ ਦੀ 19 ਮੈਂਬਰੀ ਟੀਮ ਨੂੰ ਬਿਹਤਰ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਭਾਰਤ ਲਈ ਪ੍ਰਕਾਸ਼ ਪਾਦੂਕੋਣ (1980) ਅਤੇ ਪੁਲੇਲਾ ਗੋਪੀਚੰਦ (2001) ਤੋਂ ਇਲਾਵਾ ਇਥੇ ਕੋਈ ਖਿਡਾਰੀ ਖਿਤਾਬ ਨਹੀਂ ਜਿੱਤ ਸਕਿਆ। ਇਸ ਲਈ ਭਾਰਤੀ ਖਿਡਾਰੀਆਂ ਖਾਸ ਕਰ ਕੇ ਵਿਸ਼ਵ ਚੈਂਪੀਅਨ ਸਿੰਧੂ ਕੋਲ ਇਹ ਖਿਤਾਬ ਜਿੱਤਣ ਦਾ ਅਹਿਮ ਮੌਕਾ ਹੈ। ਪਹਿਲੇ ਗੇੜ ਵਿੱਚ ਸਿੰਧੂ ਦਾ ਮੁਕਾਬਲਾ ਮਲੇਸ਼ੀਆ ਦੀ ਸੋਨੀਆ ਨਾਲ ਹੋਵੇਗਾ ਜਦਕਿ ਕੁਆਰਟਰ ਫਾਈਨਲ ਵਿੱਚ ਉਹ ਜਪਾਨ ਦੀ ਅਕਾਨੇ ਯਾਮਾਗੁਚੀ ਵਿਰੁੱਧ ਖੇਡ ਸਕਦੀ ਹੈ।