ਮੁੰਬਈ:ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਘਰ ਅੱਜ ਦੁਪਹਿਰ ਲੜਕੀ ਨੇ ਜਨਮ ਲਿਆ ਹੈ। ਇਹ ਜੋੜਾ ਅੱਜ ਸਵੇਰੇ ਮੁੰਬਈ ਦੇ ਸਰ ਐੱਚਐੱਨ ਰਿਲਾਇੰਸ ਹਸਪਤਾਲ ਪੁੱਜਿਆ ਜਿੱਥੇ ਉਨ੍ਹਾਂ ਦੁਪਹਿਰ ਵੇਲੇ ਨੰਨ੍ਹਾ ਮਹਿਮਾਨ ਆਉਣ ਦੀ ਖੁਸ਼ਖਬਰੀ ਸਾਂਝੀ ਕੀਤੀ। ਰਣਬੀਰ ਤੇ ਆਲੀਆ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਸ ਜੋੜੇ ਦੇ ਘਰ ਨੰਨ੍ਹੇ ਮਹਿਮਾਨ ਦੇ ਆਉਣ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਬੌਲੀਵੁੱਡ ਜਗਤ ਦੀਆਂ ਕਈ ਸ਼ਖ਼ਸੀਅਤਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਅਨੁਸ਼ਕਾ ਸ਼ਰਮਾ ਤੇ ਬਿਪਾਸ਼ਾ ਬਾਸੂ ਨੇ ਨੰਨ੍ਹੀ ਬੱਚੀ ਦੇ ਜਨਮ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਤੋਂ ਇਲਾਵਾ ਰਣਬੀਰ ਦੀ ਭੈਣ ਰਿਧਿਮਾ ਤੇ ਸੱਸ ਸੋਨੀ ਰਾਜ਼ਦਾਨ ਨੇ ਵੀ ਦਿਲ ਦੀਆਂ ਗਹਿਰਾਈਆਂ ਤੋਂ ਨੰਨ੍ਹੀ ਬੱਚੀ ਦਾ ਸਵਾਗਤ ਕੀਤਾ ਹੈ। ਇਸ ਤੋਂ ਇਲਾਵਾ ਆਯੂਸ਼ਮਾਨ ਖੁਰਾਨਾ, ਵਾਣੀ ਕਪੂਰ ਤੇ ਪੂਜਾ ਭੱਟ ਨੇ ਵੀ ਬੱਚੀ ਦੇ ਜਨਮ ’ਤੇ ਵਧਾਈਆਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਸਵੇਰ ਵੇਲੇ ਰਣਬੀਰ ਅਤੇ ਆਲੀਆ ਤੋਂ ਬਾਅਦ ਉਨ੍ਹਾਂ ਦੀਆਂ ਮਾਵਾਂ ਸੋਨੀ ਰਾਜ਼ਦਾਨ ਅਤੇ ਨੀਤੂ ਕਪੂਰ ਵੀ ਹਸਪਤਾਲ ਪੁੱਜੀਆਂ। ਦੱਸਣਾ ਬਣਦਾ ਹੈ ਕਿ ਆਲੀਆ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਗਰਭਵਤੀ ਹੋਣ ਦੀਆਂ ਤਸਵੀਰਾਂ ਸਾਂਝੀ ਕਰਦੀ ਰਹੀ ਹੈ। ਜ਼ਿਕਰਯੋਗ ਹੈ ਕਿ ਆਲੀਆ ਨੇ ਜੂਨ ਵਿੱਚ ਗਰਭਵਤੀ ਹੋਣ ਦੀ ਖ਼ਬਰ ਨਸ਼ਰ ਕੀਤੀ ਸੀ। ਇਸ ਤੋਂ ਪਹਿਲਾਂ ਇਸੇ ਸਾਲ 14 ਅਪਰੈਲ ਨੂੰ ਉਨ੍ਹਾਂ ਦਾ ਵਿਆਹ ਹੋਇਆ ਸੀ। ਆਲੀਆ ਅਤੇ ਰਣਬੀਰ ਦੀ ਹਾਲ ਹੀ ਵਿੱਚ ਫਿਲਮ ‘ਬ੍ਰਹਮਾਸਤਰ: ਭਾਗ 1- ਸ਼ਿਵਾ’ ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਸੀ। ਅਯਾਨ ਮੁਖਰਜੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਅਮਿਤਾਭ ਬੱਚਨ ਅਤੇ ਮੌਨੀ ਰੌਏ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਨੂੰ ਹੁਣ ਓਟੀਟੀ ਪਲੈਟਫਾਰਮ ਡਿਜ਼ਨੀ+ ਹੌਟਸਟਾਰ ’ਤੇ ਦਿਖਾਇਆ ਜਾ ਰਿਹਾ ਹੈ।