ਮੁੰਬਈ, 28 ਅਕਤੂਬਰ
ਡਰੱਗਜ਼ ਮਾਮਲੇ ਵਿੱਚ ਐੱਸਸੀਬੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਰੀਅਨ ਖਾਨ ਨੂੰ ਅੱਜ ਦੁਪਹਿਰ ਵੇਲੇ ਭਾਵੇਂ ਬੰਬੇ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ ਪਰ ਉਸ ਨੂੁੰ ਵੀਰਵਾਰ ਦੀ ਰਾਤ ਆਰਥਰ ਰੋਡ ਜੇਲ੍ਹ ਵਿੱਚ ਹੀ ਕੱਟਣੀ ਪਏਗੀ ਜਿਥੇ ਉਹ ਨਿਆਂਇਕ ਹਿਰਾਸਤ ਤਹਿਤ ਬੰਦ ਹੈ। ਜ਼ਮਾਨਤ ਮਗਰੋਂ ਆਰੀਅਨ ਖਾਨ ਦੇ ਵਕੀਲਾਂ ਨੇ ਨਕਦ ਜ਼ਮਾਨਤ ਦੇਣ ਲਈ ਅਦਾਲਤ ਤੋਂ ਪ੍ਰਵਾਨਗੀ ਮੰਗੀ ਪਰ ਅਦਾਲਤ ਨੇ ਕਿਹਾ ਕਿ ਮੁਚਲਕਾ ਹੀ ਦੇਣਾ ਪਏਗਾ। ਆਰੀਅਨ ਦੇ ਵਕੀਲਾਂ ਦੀ ਟੀਮ ਹੁਣ ਸ਼ੁੱਕਰਵਾਰ ਜਾਂ ਸ਼ਨਿਚਰਵਾਰ ਨੂੰ ਆਰੀਅਨ ਦੀ ਰਿਹਾਈ ਲਈ ਜ਼ਰੂਰੀ ਕਾਰਵਾਈਆਂ ਨੂੰ ਨੇਪਰੇ ਚਾੜ੍ਹੇਗੀ। ਬੰਬੇ ਹਾਈ ਕੋਰਟ ਸ਼ੁੱਕਰਵਾਰ ਨੂੰ ਆਰੀਅਨ ਦੀ ਜ਼ਮਾਨਤ ਸਬੰਧੀ ਵਿਸਥਾਰਤ ਰਿਪੋਰਟ ਦੇਵੇਗਾ। ਆਦੇਸ਼ ਦੀ ਇਹ ਕਾਪੀ ਸੈਸ਼ਨਜ਼ ਕੋਰਟ ਵਿੱਚ ਜਾਏਗੀ। ਸ਼ੁੱਕਰਵਾਰ ਨੂੰ ਆਦੇਸ਼ ਆਇਆ ਤਾਂ ਉਸੇ ਦਿਨ ਆਰੀਅਨ ਦੀ ਰਿਹਾਈ ਸੰਭਵ ਹੋਵੇਗੀ ਨਹੀਂ ਤਾਂ ਉਸ ਨੂੰ ਸ਼ਨਿਚਰਵਾਰ ਤੱਕ ਉਡੀਕ ਕਰਨੀ ਪਏਗੀ।