ਬੰਗਲੌਰ, 3 ਜਨਵਰੀ
ਸਾਬਕਾ ਕੋਚ ਗੈਰੀ ਕਰਸਟਨ ਤੇ ਹਾਲ ਹੀ ਦੌਰਾਨ ਸੰਨਿਆਸ ਲੈਣ ਵਾਲੇ ਤੇਜ਼ ਗੇਂਦਬਾਜ਼ ਅਸ਼ੀਸ਼ ਨੈਹਰਾ ਨੂੰ ਆਈਪੀਐਲ ਦੇ 11ਵੇ ਗੇੜ ਦੇ ਟੂਰਨਾਮੈਂਟ ਲਈ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਦਾ ਕਰਮਵਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ।
ਲੀਗ ਦੌਰਾਨ ਕਰਸਟਨ ਅਤੇ ਨਹਿਰਾ ਟੀਮ ਦੇ ਮਾਰਗ ਦਰਸ਼ਕ ਦੀ ਭੂਮਿਕਾ ਵੀ ਅਦਾ ਕਰਨਗੇ। ਕਰਸਟਨ ਨੇ ਪਿਛਲੇ ਹਫ਼ਤੇ ਇਕਰਾਰ ਉੱਤੇ ਸਹੀ ਪਾਈ ਹੈ। ਆਈਪੀਐਲ ਟੀਮ ਦੇ ਨਾਲ ਇਹ ਉਸਦਾ ਦੂਜਾ ਕਾਰਜਕਾਲ ਹੋਵੇਗਾ। ਇਸ ਤੋਂ ਪਹਿਲਾਂ ਉਹ ਦਿੱਲੀ ਡੇਅਰਡੈਵਿਲਜ਼ ਨੂੰ ਕੋਚਿੰਗ ਦੇ ਚੁੱਕੇ ਹਨ। ਆਰਸੀਬੀ ਨੇ ਡੇਨੀਅਲ ਵਿਟੋਰੀ ਨੂੰ ਮੁੱਖ ਕੋਚ ਦੇ ਰੂਪ ਵਿੱਚ ਬਰਕਰਾਰ ਰੱਖਿਆ ਹੈ। ਉਹ 2014 ਤੋਂ ਟੀਮ ਦੇ ਨਾਲ ਹੈ। ਆਈਪੀਐਲ ਨਿਲਾਮੀ 27 ਅਤੇ 28 ਜਨਵਰੀ ਨੂੰ ਹੋਣੀ ਹੈ। ਇਸ ਤੋਂ ਇਲਾਵਾ ਆਰਸੀਬੀ ਨੇ ਟਰੈਂਟ ਵੁੱਡਹਿਲ ਅਤੇ ਐਂਡਰਿਊ ਮੈਕਡੋਨਾਲਡ ਦੀਆਂ ਜਿੰਮੇਵਾਰੀਆਂ ਬਦਲ ਦਿੱਤੀਆਂ ਹਨ। ਵੁੱਡਹਿਲ ਨੂੰ ਬੱਲੇਬਾਜ਼ੀ ਪ੍ਰਤਿਭਾ ਵਿਕਾਸ, ਵਿਸ਼ਲੇਸ਼ਣ ਅਤੇ ਫੀਲਡਿੰਗ ਕੋਚ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਹ ਆਫ ਸੀਜ਼ਨ ਦੌਰਾਨ ਫਰੈਂਚਾਈਜ਼ੀ ਦੇ ਲਈ ਪ੍ਰਤਿਭਾ ਤਲਾਸ਼ਣ ਵਾਲੀ ਟੀਮ ਦੇ ਮੁਖੀ ਹੋਣਗੇ ਭਾਵ ਕਿ ਉਹ ਖਿਡਾਰੀਆਂ ਦੀ ਭਾਂਲ ਕਰਨਗੇ। ਪਹਿਲਾਂ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਅ ਚੁੱਕੇ ਮੈਕਡੋਨਾਲਡ ਹੁਣ ਗੇਂਦਬਾਜ਼ੀ ਪ੍ਰਤਿਭਾ ਵਿਕਾਸ ਅਤੇ ਵਿਸ਼ਲੇਸ਼ਣ ਪ੍ਰਮੁੱਖ ਹੋਣਗੇ।