ਜਲੰਧਰ, 16 ਅਕਤੂਬਰ
ਆਰਮੀ ਇਲੈਵਨ ਨੇ ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾ ਰਹੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਅੱਜ ਛੇਵੇਂ ਦਿਨ ਲੀਗ ਗੇੜ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਨੂੰ 1-1 ਦੀ ਬਰਾਬਰੀ ’ਤੇ ਰੋਕ ਕੇ ਇੱਕ-ਇੱਕ ਅੰਕ ਵੰਡਣ ਲਈ ਮਜਬੂਰ ਕਰ ਦਿੱਤਾ। ਲੀਗ ਦਾ ਦੂਜਾ ਮੈਚ ਪੰਜਾਬ ਐਂਡ ਸਿੰਧ ਬੈਂਕ ਅਤੇ ਏਅਰ ਇੰਡੀਆ ਵਿਚਾਲੇ 3-3 ਗੋਲਾਂ ਨਾਲ ਬਰਾਬਰ ਰਿਹਾ।
ਪੂਲ ‘ਏ’ ਦੇ ਲੀਗ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਅਤੇ ਆਰਮੀ ਇਲੈਵਨ ਨੇ ਬਿਹਤਰੀਨ ਖੇਡ ਵਿਖਾਈ। ਮੁਕਾਬਲੇ ਦੇ ਪਹਿਲੇ ਅੱਧ ਤੱਕ ਕੋਈ ਗੋਲ ਨਹੀਂ ਹੋ ਸਕਿਆ। ਇਸ ਮਗਰੋਂ 35ਵੇਂ ਮਿੰਟ ਵਿੱਚ ਸੰਜੀਤ ਟੋਪੋ ਨੇ ਭਾਰਤੀ ਨੇਵੀ ਨੂੰ ਲੀਡ ਦਿਵਾਈ। ਰਾਹੁਲ ਰਾਠੀ ਦੇ ਤੀਜੇ ਕੁਆਰਟਰ ਦੇ 43ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਆਰਮੀ ਇਲੈਵਨ ਨੇ ਮੈਚ ਬਰਾਬਰ ਕਰ ਦਿੱਤਾ। ਆਰਮੀ ਇਲੈਵਨ ਦੇ ਦੋ ਮੈਚਾਂ ਮਗਰੋਂ ਚਾਰ ਅੰਕ ਹਨ। ਆਰਮੀ ਇਲੈਵਨ ਨੇ ਪਹਿਲੇ ਮੈਚ ਵਿੱਚ ਓਐੱਨਜੀਸੀ ਨੂੰ ਹਰਾਇਆ ਸੀ। ਭਾਰਤੀ ਨੇਵੀ ਪਹਿਲਾ ਮੈਚ ਇੰਡੀਅਨ ਆਇਲ ਤੋਂ ਹਾਰ ਗਈ ਸੀ, ਇਸ ਲਈ ਉਸ ਦਾ ਦੋ ਮੈਚਾਂ ਮਗਰੋਂ ਇੱਕ ਅੰਕ ਹੈ।
ਪੂਲ ‘ਬੀ’ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਤੇ ਏਅਰ ਇੰਡੀਆ ਮੁੰਬਈ ਵਿਚਾਲੇ ਮੈਚ ਸੰਘਰਸ਼ਪੂਰਨ ਰਿਹਾ। ਖੇਡ ਦੇ ਦੂਜੇ ਕੁਆਰਟਰ ਦੇ 16ਵੇਂ ਮਿੰਟ ਵਿੱਚ ਬੈਂਕ ਨੇ ਸਤਬੀਰ ਸਿੰਘ ਦੇ ਮੈਦਾਨੀ ਗੋਲ ਨਾਲ 1-0 ਦੀ ਲੀਡ ਬਣਾਈ। ਰਣਜੋਧ ਸਿੰਘ ਦੇ 18ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਲੀਡ ਦੁੱਗਣੀ ਹੋ ਗਈ। ਏਅਰ ਇੰਡੀਆ ਨੇ ਅਸ਼ੀਸ਼ ਕੁਮਾਰ ਟੋਪਨੋ ਦੇ 20ਵੇਂ ਮਿੰਟ ਵਿੱਚ ਦਾਗ਼ੇ ਗੋਲ ਨਾਲ ਸਕੋਰ 1-2 ਕਰ ਦਿੱਤਾ। ਗਗਨਪ੍ਰੀਤ ਸਿੰਘ ਨੇ ਦੋ ਮਿੰਟਾਂ ਮਗਰੋਂ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਬੈਂਕ ਦਾ ਸਕੋਰ 3-1 ਕੀਤਾ। ਅੱਧੇ ਸਮੇਂ ਤੱਕ ਬੈਂਕ 3-1 ਨਾਲ ਅੱਗੇ ਸੀ। ਚੌਥੇ ਕੁਆਰਟਰ ਵਿੱਚ ਏਅਰ ਇੰਡੀਆ ਨੇ ਲਗਾਤਾਰ ਦੋ ਗੋਲ ਕਰਕੇ ਬਰਾਬਰੀ ਕੀਤੀ। 51ਵੇਂ ਮਿੰਟ ਵਿੱਚ ਵਨੇ ਰਾਣਾ ਨੇ ਅਤੇ 53ਵੇਂ ਮਿੰਟ ਵਿੱਚ ਮੁਹੰਮਦ ਰਹੀਲ ਨੇ ਗੋਲ ਦਾਗ਼ੇ। ਦੋਵੇਂ ਟੀਮਾਂ ਦੋ-ਦੋ ਮੈਚ ਖੇਡ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਇੱਕ ਬਰਾਬਰ ਦੋ ਅੰਕ ਹਨ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਪਰਮਿੰਦਰ ਕੌਰ ਚੰਨੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸੇ ਦੌਰਾਨ ਅਮਰੀਕ ਸਿੰਘ ਪੁਆਰ ਡੀਸੀਪੀ, ਓਲੰਪੀਅਨ ਹਰਪ੍ਰੀਤ ਮੰਡੇਰ, ਜ਼ਿਲ੍ਹਾ ਸਿੱਖਿਆ ਅਫਸਰ ਹਰਿੰਦਰਪਾਲ ਸਿੰਘ, ਐਲਆਰ ਨਈਅਰ, ਰਾਮ ਪ੍ਰਤਾਪ, ਗੁਰਚਰਨ ਸਿੰਘ ਹਾਜ਼ਰ ਸਨ।