ਬਠਿੰਡਾ, 23 ਅਕਤੂਬਰ
ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਸਰਬ ਸਿਹਤ ਬੀਮਾ) ਸਕੀਮ ਨਾਲ ਜੁੜੇ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ ਪੈਸਿਆਂ ਦਾ ਭੁਗਤਾਨ ਨਾ ਹੋਣ ਕਾਰਨ ਨਵੇਂ ਮਰੀਜ਼ਾਂ ਨੂੰ ਦਾਖਲ ਕਰਨਾ ਬੰਦ ਕਰ ਦਿੱਤਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀਆਂ ਸਾਰੀਆਂ ਬਰਾਚਾਂ ਨੇ ਆਪਣੇ ਮੈਂਬਰਾਂ ਨੂੰ ਕਿਹਾ ਕਿ ਜਦੋਂ ਤੱਕ ਬੀਮਾ ਕੰਪਨੀਆਂ ਵੱਲੋਂ ਮਰੀਜ਼ਾਂ ਦੇ ਇਲਾਜ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਨਵੇਂ ਮਰੀਜ਼ ਦਾਖਲ ਨਾ ਕੀਤੇ ਜਾਣ। ਆਈਐੱਮਏ ਬਠਿੰਡਾ ਇਕਾਈ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਦੱਸਿਆ ਕਿ ਆਰੋਗਿਆ ਯੋਜਨਾ ਨਾਲ ਸਬੰਧਤ ਹਸਪਤਾਲ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਯੋਜਨਾ ਦਾ ਲਾਭ ਲੋੜਵੰਦ ਮਰੀਜ਼ਾਂ ਤੱਕ ਪਹੁੰਚਾਇਆ ਜਾਵੇ ਪਰ ਬੀਮਾ ਕੰਪਨੀਆਂ ਇਲਾਜ ਦਾ ਕਥਿਤ ਤੌਰ ’ਤੇ ਭੁਗਤਾਨ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਮਾ ਕੰਪਨੀਆਂ ਇਲਾਜ ਦੇ ਬਿਲਾਂ ਨੂੰ ਕਾਫੀ ਘਟਾ ਦਿੰਦੀਆਂ ਹਨ। ਯੋਜਨਾ ਨਾਲ ਸਬੰਧਤ ਹਸਪਤਾਲਾਂ ਦੇ ਪ੍ਰਬੰਧਕਾਂ ਨੇ ਇਸ ਸਬੰਧ ਵਿੱਚ 10 ਅਕਤੂਬਰ ਨੂੰ ਮੀਟਿੰਗ ਵੀ ਕੀਤੀ ਸੀ ਤੇ ਮਾਮਲਾ ਸਿਹਤ ਮੰਤਰੀ ਓਪੀ ਸੋਨੀ ਤੇ ਪ੍ਰਿੰਸੀਪਲ ਸਿਹਤ ਸਕੱਤਰ ਵਿਕਾਸ ਗਰਗ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਸਮੱਸਿਆ ਹੱਲ ਨਹੀਂ ਹੋਈ। ਸ੍ਰੀ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੀ ਈ-ਮੇਲ ਭੇਜੇ ਹਨ ਕਿ ਭੁਗਤਾਨ ਸਬੰਧੀ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇ ਤੇ 7 ਅਕਤੂਬਰ 2021 ਤੱਕ ਦੇ ਕਲੇਮਾਂ ਦਾ ਭੁਗਤਾਨ ਨਿਯਮਾਂ ਅਨੁਸਾਰ 15 ਦਿਨਾਂ ਵਿੱਚ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੇਮਾਂ ਦੀ ਰਾਸ਼ੀ ਮਿਲਣ ਮਗਰੋਂ ਹੀ ਨਵੇਂ ਮਰੀਜ਼ ਭਰਤੀ ਕੀਤੇ ਜਾਣਗੇ।