ਮੁੰਬਈ, ਆਯੁਸ਼ਮਾਨ ਖੁਰਾਨਾ ਦੀ ਕਮਾਈ ਦਾ ਤੂਫ਼ਾਨ ਬਾਕਸ–ਆਫ਼ਿਸ ’ਤੇ ਜਾਰੀ ਹੈ। ਅਮਰ ਕੌਸ਼ਿਕ ਦੀ ਹਦਾਇਤਕਾਰੀ ਵਿੱਚ ਬਣੀ ਇਸ ਫ਼ਿਲਮ ਨੇ 5ਵੇਂ ਦਿਨ 61.73 ਕਰੋੜ ਰੁਪਏ ਕਮਾ ਲਏ ਹਨ। ਆਯੁਸ਼ਮਾਨ ਖੁਰਾਨਾ ਤੋਂ ਇਲਾਵਾ ਇਸ ਫ਼ਿਲਮ ਵਿੱਚ ਯਾਮੀ ਗੌਤਮ ਤੇ ਭੂਮੀ ਪੇਡਨੇਕਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਫ਼ਿਲਮ ‘ਬਾਲਾ’ ਨੇ ਪਹਿਲੇ ਦਿਨ 10.15 ਕਰੋੜ ਰੁਪਏ, ਦੂਜੇ ਦਿਨ 15.73 ਕਰੋੜ ਰੁਪਏ ਤੇ ਤੀਜੇ ਦਿਨ ਆਪਣੀ ਕਮਾਈ ਵਿੱਚ ਹੋਰ ਵਾਧਾ ਕਰਦਿਆਂ 18.07 ਕਰੋੜ ਰੁਪਏ ਕਮਾਏ। ਚੌਥੇ ਦਿਨ ਉਸ ਦੀ ਕਮਾਈ 8.26 ਕਰੋੜ ਤੇ ਪੰਜਵੇਂ ਦਿਨ 9.52 ਕਰੋੜ ਰੁਪਏ ਰਹੀ।

ਇੰਝ ਇਸ ਫ਼ਿਲਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਕਾਰਨ ਛੁੱਟੀ ਦਾ ਲਾਭ ਵੀ ਮਿਲਿਆ। ਆਯੁਸ਼ਮਾਨ ਖੁਰਾਨ ਦੀ ਅਮਰ ਕੌਸ਼ਿਕ ਦੀ ਹਦਾਇਤਕਾਰੀ ਵਿੱਚ ਇਹ ਦੂਜੀ ਵੱਡੀ ਹਿੱਟ ਫ਼ਿਲਮ ਹੈ।

ਫ਼ਿਲਮ ‘ਬਾਲਾ’ ਦੀ ਕਮਾਈ ਟੀਅਰ–2 ਅਤੇ ਟੀਅਰ–3 ਸ਼ਹਿਰਾਂ ਵਿੱਚ ਵੀ ਵਧੀਆ ਹੋ ਰਹੀ ਹੈ। ਇਸੇ ਲਈ ਇਸ ਫ਼ਿਲਮ ਦੇ ਨਿਰਮਾਤਾਵਾਂ ਨੂੰ ਆਸ ਹੈ ਕਿ ਇਹ ਫ਼ਿਲਮ ਛੇਤੀ ਹੀ 100 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਹੋ ਜਾਵੇਗੀ। ਦਰਸ਼ਕਾਂ ਤੋਂ ਇਲਾਵਾ ਆਲੋਚਕਾਂ ਨੇ ਵੀ ਇਸ ਫ਼ਿਲਮ ਦੇ ਚੰਗੇ ਰੀਵਿਊ ਕੀਤੇ ਹਨ।

ਇਸ ਫ਼ਿਲਮ ਦੀ ਕਹਾਣੀ ਕਾਨਪੁਰ ਦੇ ਇੱਕ ਨੌਜਵਾਨ ਦੇ ਆਲੇ–ਦੁਆਲੇ ਘੁੰਮਦੀ ਹੈ, ਜੋ ਸਮੇਂ ਤੋਂ ਪਹਿਲਾਂ ਗੰਜੇਪਣ ਦੀ ਸਮੱਸਿਆ ਦਾ ਸਾਹਮਣਾ ਕਰਦਾ ਹੈ। ਫ਼ਿਲਮ ਦੀ ਕਹਾਣੀ ਆਤਮ–ਵਿਸ਼ਵਾਸ ਵਿੱਚ ਕਮੀ ਤੇ ਗੰਜੇਪਣ ਕਾਰਨ ਪੈਣ ਵਾਲੇ ਸਮਾਜਕ ਦਬਾਅ ਨੂੰ ਬਿਆਨ ਕਰਦੀ ਹੈ।

ਇਸ ਫ਼ਿਲਮ ਦਾ ਬਜਟ ਸਿਰਫ਼ 25 ਕਰੋੜ ਰੁਪਏ ਸੀ ਤੇ ਇਸ ਨੂੰ ਭਾਰਤ ਵਿੱਚ 3,000 ਅਤੇ ਵਿਦੇਸ਼ਾਂ ਵਿੱਚ 550 ਸਕ੍ਰੀਨਾਂ ਉੱਤੇ ਰਿਲੀਜ਼ ਕੀਤਾ ਗਿਆ ਹੈ।