ਪਟਿਆਲਾ, 21 ਸਤੰਬਰ

ਪੰਜਾਬੀ ਯੂਨੀਵਰਸਿਟੀ ਸਥਿਤ ‘ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ’ ਨੇ ਪੰਜਾਬੀ ਵਿਭਾਗ ਅਤੇ ਈਐੱਮਆਰਸੀ ਦੇ ਸਹਿਯੋਗ ਨਾਲ ‘ਸਮਕਾਲ ਵਿੱਚ ਸਿਰਜਣਾਤਮਕ ਲੇਖਣ: ਚੁਣੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਪਹਿਲਾ ਵਿਸ਼ੇਸ਼ ਭਾਸ਼ਣ ਕਰਵਾਇਆ। ਚੇਅਰ ਦੇ ਕੋਆਰਡੀਨੇਟਰ ਪ੍ਰੋ. ਗੁਰਮੁੱਖ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਉਰਦੂ ਸ਼ਾਇਰ, ਗੀਤਕਾਰ ਅਤੇ ਫ਼ਿਲਮਸਾਜ਼ ਜਾਵੇਦ ਅਖ਼ਤਰ ਨੇ ਮੁੱਖ ਭਾਸ਼ਣ ਦਿੱਤਾ। ਜਾਵੇਦ ਅਖ਼ਤਰ ਨੇ ਕਿਹਾ ਕਿ ਸਿਰਜਣਾਤਮਕ ਲੇਖਣ ਮੂਲ ਰੂਪ ਵਿੱਚ ਸਿਰਜਣਾਤਮਕ ਹੋਵੇ, ਤਾਂ ਹੀ ਮੌਲਿਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਇਨਸਾਨ ਦੀ ਜ਼ਿੰਦਗੀ ਦਾ ਇਤਿਹਾਸ ਕੇਵਲ ਸਾਹਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਿਰੋਲ ਤੁਕ-ਤੁਕਾਂਤ ਜਾਂ ਮਸਨੂਈ ਬੰਧਨਾਂ ਵਿੱਚ ਬੱਝੀ ਸ਼ਾਇਰੀ ਕਦੇ ਵੀ ਅਸਲ ਮੁੱਦੇ ਤੱਕ ਨਹੀਂ ਪਹੁੰਚਦੀ ਅਤੇ ਲੋਕਾਂ ਦੀ ਸ਼ਾਇਰੀ ਨਹੀਂ ਬਣ ਪਾਉਂਦੀ। ਸ਼ਿਲਪ ਅਤੇ ਕਲਪਨਾ ਮਿਲ ਕੇ ਸ਼ਾਇਰੀ ਨੂੰ ਘੜਦੇ ਹਨ। ਕਵਿਤਾ ਵਿੱਚ ਪ੍ਰਗਟਾਵੇ ਦੀ ਅਜ਼ਾਦੀ ਵਧੇਰੇ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੇ ਸਿਰਜਣਾ ਅਤੇ ਮਹਿਸੂਸ ਕਰਨ ਦੇ ਦਰਜੇ ਨੂੰ ਬਿਨਾਂ ਸ਼ੱਕ ਪ੍ਰਭਾਵਿਤ ਕੀਤਾ ਹੈ। ਹੁਣ ਦੀ ਪੀੜ੍ਹੀ ਕੋਲ ਠਹਿਰਾਅ ਦਾ ਘੱਟ ਹੋਣਾ ਅਤੇ ਜ਼ਮੀਨੀ ਹਕੀਕਤਾਂ ਨਾਲ ਸਬੰਧ ਘੱਟ ਹੋਣਾ ਵੀ ਸਿਰਜਣਾਤਮਕਤਾ ਨੂੰ ਖੋਰਾ ਲਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਮਸ਼ੀਨੀ ਯੁੱਗ ਦੇ ਬਾਸ਼ਿੰਦੇ ਹਨ ਅਤੇ ਮਸ਼ੀਨਾਂ ਦੀ ਜੜ੍ਹ ਨਹੀਂ ਹੁੰਦੀ, ਜੜ੍ਹ ਕੇਵਲ ਅਹਿਸਾਸਾਂ ਵਾਲਿਆਂ ਦੀ ਜਿਊਂਦੇ-ਥੀਂਦੇ ਖਿਆਲਾਂ ਵਾਲਿਆਂ ਦੀ ਹੁੰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਘਰਾਂ ਵਿੱਚ ਪਈਆਂ ਸਾਹਿਤਕ ਅਤੇ ਗਿਆਨ ਨਾਲ ਸਬੰਧਤ ਕਿਤਾਬਾਂ ਨੁਮਾਇਸ਼ੀ ਵਸਤਾਂ ਬਣ ਕੇ ਰਹਿ ਗਈਆਂ ਹਨ। ਸਾਹਿਤ ਜਾਂ ਕਵਿਤਾ ਕਿਸੇ ਸਮਾਜ ਦੀ ਬੁਲੰਦ ਆਵਾਜ਼ ਹੁੰਦੀ ਹੈ।

ਉੱਘੇ ਉਰਦੂ ਸ਼ਾਇਰ ਪ੍ਰੋਫ਼ੈਸਰ ਨਾਸ਼ਿਰ ਨਕਵੀ ਨੇ ਪ੍ਰਗਤੀਵਾਦੀ ਸਾਹਿਤ ਲਹਿਰ ਵਿੱਚ ਜਾਵੇਦ ਅਖਤਰ ਦੇ ਪਰਿਵਾਰਕ ਯੋਗਦਾਨ ਬਾਰੇ ਚਰਚਾ ਕੀਤੀ। ਵਿਸ਼ੇਸ਼ ਮਹਿਮਾਨ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਸਾਹਿਤਕਾਰ, ਸ਼ਾਇਰ ਸਾਡੀਆਂ ਖਾਮੋਸ਼ੀਆਂ ਨੂੰ ਪਕੜਦੇ ਅਤੇ ਚਿਤਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾ ਨੇ ਆਪਣੇ ਵਿੱਚ ਹੋਰ ਭਾਸ਼ਾਵਾਂ ਨੂੰ ਵੀ ਸਮੋਇਆ ਹੈ। ਪੰਜਾਬੀ ਜ਼ੁਬਾਨ ਨੇ ਰੀਤ ਨਾਲੋਂ ਪ੍ਰੀਤ ਨੂੰ ਵਧੇਰੇ ਤਰਜੀਹ ਦਿੱਤੀ ਹੈ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸਮਾਜ ਦੀ ਆਵਾਜ਼ ਲੱਗਣਾ ਅਤੇ ਬਣਨਾ ਵੱਖੋ-ਵੱਖਰੇ ਕੰਮ ਹਨ। ਸਾਹਿਤਕ ਲੇਖਣ ਦਾ ਕੰਮ ਗੰਭੀਰ ਅਤੇ ਕਠਿਨ ਹੈ ਤੇ ਸਾਹਿਤਕਾਰਾਂ ਨੂੰ ਹਰ ਹੀਲੇ ਨਿਭਾਉਣਾ ਚਾਹੀਦਾ ਹੈ। ਡੀਨ ਭਾਸ਼ਾਵਾਂ, ਪ੍ਰੋ.ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਜਾਵੇਦ ਸਾਹਿਬ ਨੇ ਸਾਡੀਆਂ ਦੋ-ਪੀੜ੍ਹੀਆਂ ਦੇ ਅਹਿਸਾਸਾਂ ਨੂੰ ਜ਼ੁਬਾਨ ਦਿੱਤੀ।