ਜਲੰਧਰ, 24 ਅਪਰੈਲ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ (ਆਮ ਆਦਮੀ ਪਾਰਟੀ) ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਅਤੇ  ਹਰ ਕੋਈ ਦੇਖ ਸਕਦਾ ਹੈ ਕਿ ਪੰਜਾਬ ਵਿੱਚ ਪਿਛਲੇ ਇੱਕ  ਦੋ ਮਹੀਨੇ ਤੋਂ ਕੀ ਹੋ ਰਿਹਾ ਹੈ। ਚੰਨੀ ਨੇ  ਜਲੰਧਰ ਜ਼ਿਮਨੀ ਚੋਣ ਲਈ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਰੌਲਾ ਪਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕਦੇ ਕਿਸੇ  ਪਿੰਡ ਨੂੰ ਘੇਰ ਲਿਆ ਤੇ ਕਦੇ ਕਿਸੇ ਪਿੰਡ ਨੂੰ, ਪਰ ਪੁਲੀਸ  ਉਸ ਨੂੰ ਨਹੀਂ ਫੜ ਸਕੀ। ਅੱਜ ਉਸ ਨੇ ਰੋਡੇ ਪਿੰਡ ਦੇ  ਗੁਰਦੁਆਰੇ ਵਿੱਚ ਆਤਮ-ਸਮਰਪਣ ਕਰ ਦਿੱਤਾ।

ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਦੇ  ਸੀਆਰਪੀਸੀ ਦੀ ਮੰਗ ਕਰਦੇ ਹਨ, ਕਦੇ ਉਹ ਇੰਟਰਨੈਟ ਬੰਦ ਕਰਦੇ ਹਨ। ਕਦੇ ਧਾਰਾ 144 ਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹੈ ਜੋ ਖ਼ਤਰੇ  ਦਾ ਸਾਹਮਣਾ ਕਰ ਰਹੀ ਹੈ ਜਦਕਿ ਲੋਕਾਂ ਨੂੰ ਕਿਸੇ ਤੋਂ ਵੀ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ  ਨੇ ਅਜਿਹੇ ਕਦਮ ਚੁੱਕ ਕੇ ਪੰਜਾਬ ਨੂੰ ਵੱਡੇ ਨੁਕਸਾਨ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੀ ਪਿਛਲੇ 20 ਸਾਲਾਂ ਵਿੱਚ ਪਹਿਲਾਂ ਕਦੇ ਅਜਿਹਾ ਹੋਇਆ ਹੈ ਕਿ ਪੁਲੀਸ ਸਟੇਸ਼ਨ ਨੂੰ ਘੇਰਿਆ ਗਿਆ ਹੋਵੇ। ਇੱਕ ਪਾਸੇ ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਇਹ ਕਿਸਾਨ ਪੱਖੀ ਹੈ ਪਰ ਕਣਕ ਦਾ ਮੁਆਵਜ਼ਾ ਬੁਹਤ ਘੱਟ ਦਿੱਤਾ ਜਾ ਰਿਹਾ ਹੈ ਜਦਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ  17,000/- ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਸੀ। ਉਨ੍ਹਾਂ ਚੋਣ ਰੈਲੀ ਵਿੱਚ ਆਈਆਂ ਔਰਤਾਂ ਨੂੰ ਕਿਹਾ ਕਿ ਜਦੋਂ ਵੀ ਆਪ ਦੇ ਆਗੂ ਵੋਟਾਂ ਮੰਗਣ ਆਉਣ ਤਾਂ ਉਨ੍ਹਾਂ ਕੋਲੋ ਪਹਿਲਾਂ 1000 ਰੁਪਏ ਦੇ ਹਿਸਾਬ ਨਾਲ 12,000 ਰੁਪਏ ਮੰਗਣੇ ਕਿਉਂਕਿ ਸਾਲ ਹੋ ਗਿਆ ਹੈ ਸਰਕਾਰ ਬਣੀ ਨੂੰ।