ਚੰਡੀਗੜ੍ਹ, 21 ਜਨਵਰੀ

ਆਬੂ-ਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਡਰੋਨ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਪੰਜਾਬ ਨਾਲ ਸਬੰਧਤ ਦੋ ਨੌਜਵਾਨਾਂ ਦੀਆਂ ਦੇਹਾਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਪੁੱਜੀਆਂ। ਇਨ੍ਹਾਂ ਨੌਜਵਾਨਾਂ ਦੀ ਪਛਾਣ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਿਸਮਪੁਰਾ ਦੇ ਹਰਦੀਪ ਸਿੰਘ ਅਤੇ ਮੋਗਾ ਜ਼ਿਲ੍ਹੇ ਦੇ ਪ੍ਰਦੀਪ ਸਿੰਘ ਵਜੋਂ ਹੋਈ। ਇਨ੍ਹਾਂ ਦੀਆਂ ਦੇਹਾਂ ਲੈਣ ਲਈ ਹਵਾਈ ਅੱਡੇ ਪਹੁੰਚੇ ਪਰਿਵਾਰਕ ਮੈਂਬਰ ਵਿਰਲਾਪ ਕਰ ਰਹੇ ਸਨ। ਹਵਾਈ ਅੱਡਾ ਵਿਖੇ ਪੁਲੀਸ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।