ਚੰਡੀਗੜ੍ਹ, 28 ਸਤੰਬਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ‘ਆਪ’ ਸਰਕਾਰ ਤੋਂ ਸਰਕਾਰੀ ਹੈਲੀਕਾਪਟਰ ਅਤੇ ਫਿਕਸ ਵਿੰਗ ਏਅਰ ਕਰਾਫ਼ਟ ਦੀ ਵਰਤੋਂ ਦੇ ਖ਼ਰਚੇ ਦਾ ਵੇਰਵਾ ਮੰਗਿਆ ਹੈ। ਸਿੱਧੂ ਨੇ ਦੋਸ਼ ਲਾਇਆ ਹੈ ਕਿ ‘ਆਪ’ ਵੱਲੋਂ ਦੂਜੇ ਸੂਬਿਆਂ ਵਿੱਚ ਚੋਣ ਮੁਹਿੰਮਾਂ ਲਈ ਜਨਤਾ ਦਾ ਪੈਸਾ ਖ਼ਰਚਿਆ ਜਾ ਰਿਹਾ ਹੈ। ਸਿੱਧੂ ਨੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਆਰਟੀਆਈ ਤਹਿਤ ਦਰਖ਼ਾਸਤ ਭੇਜ ਕੇ ਹੈਲੀਕਾਪਟਰ ਅਤੇ ਏਅਰ ਕਰਾਫ਼ਟ ਦੇ ਖ਼ਰਚੇ ਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਪੰਜਾਬ ਦਾ ਖਜ਼ਾਨਾ ‘ਹਵਾ’ ਵਿਚ ਉਡਾ ਰਹੀ ਹੈ। ਸਿੱਧੂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਡੇਢ ਸਾਲ ਦੌਰਾਨ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਵਿਚ ਪਾਰਟੀ ਦੇ ਚੋਣ ਪ੍ਰਚਾਰ ਲਈ ਜਹਾਜ਼ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿਚ ਆਇਆ ਹੈ ਕਿ ‘ਆਪ’ ਨੇ ਚੋਣ ਮੁਹਿੰਮਾਂ ਅਤੇ ਦੌਰਿਆਂ ਲਈ ਫਿਕਸਡ ਵਿੰਗ ਏਅਰ ਕਰਾਫ਼ਟ ਕਿਰਾਏ ’ਤੇ ਲਏ ਹਨ। ਸਾਬਕਾ ਮੰਤਰੀ ਦਾ ਕਹਿਣਾ ਹੈ ਕਿ ਏਅਰ ਕਰਾਫ਼ਟ ਨੂੰ ਕਿਰਾਏ ’ਤੇ ਲੈਣ ਨਾਲ ਖ਼ਜ਼ਾਨੇ ’ਤੇ ਵਿੱਤੀ ਬੋਝ ਪੈਂਦਾ ਹੈ। ਉਨ੍ਹਾਂ ਨੇ ਵੇਰਵੇ ਮੰਗੇ ਹਨ ਕਿ ਕਦੋਂ ਕਦੋਂ ਏਅਰ ਕਰਾਫ਼ਟ ਕਿਰਾਏ ’ਤੇ ਲਿਆ ਗਿਆ ਹੈ। ਉਨ੍ਹਾਂ ਭਾੜੇ ’ਤੇ ਲਏ ਏਅਰ ਕਰਾਫ਼ਟ ਦਾ ਪ੍ਰਤੀ ਘੰਟੇ ਦੇ ਕਿਰਾਏ ਬਾਰੇ ਵੀ ਪੁੱਛਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਦੇ ਵਸੀਲਿਆਂ ਦੀ ਇੱਕ ਤਰੀਕੇ ਨਾਲ ਚੋਰੀ ਹੋ ਰਹੀ ਹੈ।