ਚੰਡੀਗੜ੍ਹ, 19 ਜੂਨ

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਰਗੇ ਪਵਿੱਤਰ ਸਦਨ ਨੂੰ ਵੀ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ਵਿੱਚ ਖੋਟ ਹੈ। ਹੁਣ ਤੱਕ ਸਰਕਾਰ ਨੇ ਵਿਧਾਨ ਸਭਾ ਦੇ ਜਿੰਨੇ ਵੀ ਵਿਸ਼ੇਸ਼ ਸਮਾਗਮ ਜਾਂ ਮੀਟਿੰਗਾਂ ਸੱਦੀਆਂ ਹਨ, ਉਹ ਸਰਕਾਰੀ ਖਜ਼ਾਨੇ ’ਤੇ ਬੋਝ ਪਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ ਚਰਚਾ ਕਰਨੀ ਹੈ ਤਾਂ ਨਸ਼ਿਆਂ ਦੇ ਮੁੱਦੇ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲੇ ਵਿਸ਼ੇਸ਼ ਸੈਸ਼ਨ ਵਿੱਚ ਸਰਕਾਰ ਨੇ ਅਪਰੇਸ਼ਨ ਲੋਟਸ ਦਾ ਮੁੱਦਾ ਚੁੱਕਿਆ ਸੀ। ਉਸ ਕੇਸ ਬਾਰੇ ਅੱਜ ਤੱਕ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਵਿਧਾਇਕਾਂ ਦੇ ਨਾਂ ਦੱਸੇ ਜਾਣ ਜਿਨ੍ਹਾਂ ਨੂੰ 25-25 ਕਰੋੜ ਵਿੱਚ ਖ਼ਰੀਦਣ ਲਈ ਫੋਨ ਆਏ ਤੇ ਕਿਸ ਨੇ ਸੰਪਰਕ ਕੀਤਾ, ਪਰ ਅੱਜ ਤਕ ਕੁਝ ਨਹੀਂ ਦੱਸਿਆ ਗਿਆ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਸ਼ੇ ਦੇ ਮੁੱਦੇ ’ਤੇ ਕੇਜਰੀਵਾਲ ਤੇ ਉਸ ਦੀ ਪਾਰਟੀ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ। ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਕੱਲ੍ਹ ਗੁਰਦਾਸਪੁਰ ਵਿੱਚ ਅਮਿਤ ਸ਼ਾਹ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਅੰਮ੍ਰਿਤਸਰ ਵਿੱਚ ਦਫ਼ਤਰ ਖੋਲ੍ਹਣ ਦੇ ਫ਼ੈਸਲੇ ਦਾ ਸਵਾਗਤ ਕਰਨ ਦੀ ਥਾਂ ਕੇਜਰੀਵਾਲ ਇਤਰਾਜ਼ਯੋਗ ਟਿੱਪਣੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਚੀਮਾ ਨੇ ਕਿਹਾ ਸੀ ਕਿ ‘ਆਪ’ ਵਿਧਾਇਕਾਂ ਤੇ ਮੰਤਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਉਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਸ੍ਰੀ ਸ਼ਰਮਾ ਨੇ ਕਿਹਾ ਕਿ ਕੇਂਦਰ ਕੋਲ ਪੰਜਾਬ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ, ਨਾ ਹੀ ਕੋਈ ਫੰਡ ਰੋਕਿਆ ਗਿਆ ਹੈ।