ਚੰਡੀਗੜ੍ਹ, 25 ਅਗਸਤ
‘ਆਪ’ ਨੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਚੋਣਾਂ ਦੀ ਤਿਆਰੀ ਖਿੱਚ ਲਈ ਹੈ। ‘ਆਪ’ ਨੇ ਪੰਜਾਬ ਦੇ ਚਾਰ ਵਿਧਾਇਕਾਂ ਨੂੰ ਵਿਧਾਨ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦਾ ਸਹਿ-ਇੰਚਾਰਜ ਲਾਇਆ ਹੈ। ਇਨ੍ਹਾਂ ਵਿਧਾਇਕਾਂ ’ਚ ਜਗਤਾਰ ਸਿੰਘ ਦਿਆਲਪੁਰਾ ਤੇ ਰਜਨੀਸ਼ ਕੁਮਾਰ ਦਹੀਆ ਨੂੰ ਮੱਧ ਪ੍ਰਦੇਸ਼ ਅਤੇ ਵਿਧਾਇਕ ਅਮੋਲਕ ਸਿੰਘ ਤੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਛੱਤੀਸਗੜ੍ਹ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਪੰਜਾਬ ਦੇ ਵਿਧਾਇਕਾਂ ਦੀ ਇਹ ਨਿਯੁਕਤੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਦੇ ਨਿਰਦੇਸ਼ਾਂ ’ਤੇ ਹੋਈ ਹੈ। ਪਾਠਕ ਅਨੁਸਾਰ ਚਾਰੋਂ ਵਿਧਾਇਕਾਂ ਵੱਲੋਂ ਛੇਤੀ ਹੀ ਦੋਵੇਂ ਸੂਬਿਆਂ ’ਚ ਮੋਰਚੇ ਸਾਂਭੇ ਜਾਣਗੇ। ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਇਸ ਸਾਲ ਨਵੰਬਰ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਲਈ ‘ਆਪ’ ਵੱਲੋਂ ਦਿੱਲੀ ਤੇ ਪੰਜਾਬ ’ਚ ਕੀਤੇ ਕੰਮ ਗਿਣਾਏ ਜਾ ਰਹੇ ਹਨ।