-ਸਰਕਾਰ ਵੱਲੋਂ ਸੂਬੇ ਵਿਚ ਬਿਜਲੀ ਦਰਾਂ ਘਟਾਉਣ ਤੱਕ ਜਾਰੀ ਰਹੇਗਾ ਸੰਘਰਸ਼-ਪ੍ਰਿੰਸੀਪਲ ਬੁੱਧਰਾਮ

ਚੰਡੀਗੜ੍ਹ, 26 ਫਰਵਰੀ 2019

ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਦੇ ਵਿਰੋਧ ਵਿਚ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿਚ ਆ ਗਏ ਹਨ। ‘ਆਪ’ ਆਗੂਆਂ ਵੱਲੋਂ ਸੂਬੇ ਭਰ ਵਿਚ ਕੀਤੀਆਂ ਜਾ ਰਹੀਆਂ ਬਿਜਲੀ ਸੁਣਵਾਈਆਂ ਦੌਰਾਨ ਲੋਕਾਂ ਦੇ ਵੱਧ ਬਿੱਲ ਆਉਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ। ‘ਆਪ’ ਆਗੂ ਮੌਕੇ ‘ਤੇ ਬਿਜਲੀ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਬੇ-ਵਜ੍ਹਾ ਆ ਰਹੇ ਵੱਧ ਬਿੱਲਾਂ ਦੀ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਕਰਨ ਦਾ ਯਤਨ ਕਰ ਰਹੇ ਹਨ।

ਆਮ ਆਦਮੀ ਪਾਰਟੀ ਪੰਜਾਬ ਦੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬਿਜਲੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਫ਼ੈਸਲਾ ਲੈਂਦਿਆਂ ਸਰਕਾਰ ਨੇ 200 ਯੂਨਿਟ ਮੁਫ਼ਤ ਬਿਜਲੀ ਪ੍ਰਾਪਤ ਕਰ ਰਹੇ ਪਰਿਵਾਰਾਂ ਦਾ ਇਨ੍ਹਾਂ ਯੂਨਿਟਾਂ ਤੋਂ ਉੱਪਰ ਦਾ ਅਲੱਗ ਬਿੱਲ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ ਜਦਕਿ ਪਹਿਲਾਂ 200 ਯੂਨਿਟ ਤੋਂ 1 ਯੂਨਿਟ ਵੀ ਵੱਧ ਹੋਣ ‘ਤੇ ਪੂਰੇ 201 ਯੂਨਿਟ ਦਾ ਬਿੱਲ ਲਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦਾ ਅਸਰ ਸੂਬੇ ਵਿਚ ਦਿੱਖਣਾ ਸ਼ੁਰੂ ਹੋ ਗਿਆ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ‘ਆਪ’ ਵਿਧਾਇਕਾਂ ਨੇ ਸੂਬੇ ਵਿਚ ਵੱਧ ਬਿੱਲਾਂ ਤੋਂ ਪਰੇਸ਼ਾਨ ਵਿਅਕਤੀਆਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਸੀ। ਜਿਨ੍ਹਾਂ ਵਿਚੋਂ ਦਰਸ਼ਨ ਸਿੰਘ, ਸਰੂਪ ਸਿੰਘ ਅਤੇ ਮੇਜਰ ਸਿੰਘ ਪਿੰਡ ਤੋਲੇ ਮਾਜਰਾ ਦਾ ਕ੍ਰਮਵਾਰ 7,53000 ਰੁਪਏ, 49,000 ਰੁਪਏ ਅਤੇ 26000 ਰੁਪਏ ਬਿੱਲ ਆਇਆ ਸੀ ਪਰੰਤੂ ‘ਆਪ’ ਵਿਧਾਇਕਾਂ ਵੱਲੋਂ ਮੁੱਦਾ ਚੁੱਕੇ ਜਾਣ ਤੋਂ ਬਾਅਦ ਬਿਜਲੀ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਘਰ ਜਾ ਕੇ ਸੰਪਰਕ ਕਰਨ ਉੁਪਰੰਤ ਉਨ੍ਹਾਂ ਦੀ ਮੁਸ਼ਕਲਾਂ ਹੱਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਸੰਗਰੂਰ, ਮਾਨਸਾ, ਬੁਢਲਾਡਾ, ਬਠਿੰਡਾ, ਲੁਧਿਆਣਾ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਖਡੂਰ ਸਾਹਿਬ ਆਦਿ ਖੇਤਰਾਂ ਵਿਚ ਵੀ ਬਿਜਲੀ ਅਧਿਕਾਰੀ ਲੋਕਾਂ ਦੀ ਮੁਸ਼ਕਲਾਂ ਹੱਲ ਕਰਨ ਲਈ ਮਜਬੂਰ ਹੋਏ ਹਨ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ‘ਆਪ’ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਜਾਰੀ ਰਹੇਗਾ ਅਤੇ ਜਦੋਂ ਤੱਕ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਅਤੇ ਵਲੰਟੀਅਰ ਆਉਂਦੇ ਦਿਨਾਂ ਵਿਚ ਬਿਜਲੀ ਦੇ ਵੱਧ ਬਿੱਲਾਂ ਤੋਂ ਪੀੜਤ ਵਿਅਕਤੀਆਂ ਨੂੰ ਨਾਲ ਲੈ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਣਗੇ ਅਤੇ ਸਮੱਸਿਆ ਦਾ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਨਾ ਹੋਣ ਦੀ ਸੂਰਤ ਵਿਚ ਬਿਜਲੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ।