ਚੰਡੀਗੜ੍ਹ, 10 ਨਵੰਬਰ
‘ਆਪ’ ਤੋਂ ਅਸਤੀਫਾ ਦੇਣ ਤੋਂ ਬਾਅਦ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਰੂਬੀ ਨੇ ਕਿਹਾ ਕਿ ‘ਆਪ’ ‘ਚ ਉਨ੍ਹਾਂ ਦਾ ਦਮ ਘੁੱਟ ਰਿਹਾ ਸੀ ਕਿਉਂਕਿ ਪੰਜਾਬ ‘ਆਪ’ ‘ਤੇ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦਾ ਕੰਟਰੋਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਰਾਖਵੇਂ ਹਲਕੇ ਤੋਂ ਦੇਰ ਰਾਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂ ਕਿ ਉਨ੍ਹਾਂ ਆਪਣੀ ਲਿਖ਼ਤ ਵਿਚ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਅਪਲੋਡ ਕੀਤੀ। ਉਨ੍ਹਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਅਸਤੀਫ਼ਾ ਤੁਰੰਤ ਪ੍ਰਵਾਨ ਕਰਨ ਦੀ ਬੇਨਤੀ ਵੀ ਕੀਤੀ। ਗੌਰਤਲਬ ਹੈ ਕਿ ਬੀਬਾ ਰੂਬੀ ਲੰਮੇ ਅਰਸੇ ਤੋਂ ਸਿਆਸੀ ਸਰਗਰਮੀਆਂ ਤੋਂ ਦੂਰ ਸੀ। 29 ਅਕਤੂਬਰ ਨੂੰ ਅਰਵਿੰਦ ਕੇਜਰੀਵਾਲ ਦੀ ਬਠਿੰਡਾ ਫੇਰੀ ਮੌਕੇ ਵੀ ਉਹ ਨਾਦਾਰਦ ਰਹੇ। ਪਾਰਟੀ ਤੋਂ ਵਿੱਥ ਬਣਾਏ ਜਾਣ ਤੋਂ ਉਨ੍ਹਾਂ ਦੇ ਸਿਆਸੀ ਪਾਲ਼ਾ ਬਦਲਣ ਦੀਆਂ ਕਿਆਸਰਾਈਆਂ ਰਾਜਨੀਤਕ ਹਲਕਿਆਂ ’ਚ ਜ਼ੋਰਾਂ ’ਤੇ ਸਨ। ਇਸੇ ਦੌਰਾਨ ਸੂਤਰਾਂ ਦਾ ਕਹਿਣਾ ਹੈ ਕਿ ਰੂਬੀ ਹਾਲ ’ਚ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ੍ਹ ਮਿਲੇ ਸਨ। ਇਸ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਉਨ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ।