ਸੰਗਰੂਰ, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ ਸਿਆਸੀ ਠਿੱਬੀਆਂ ਲਾਉਣ ਦਾ ਦੌਰ ਅੱਜ ਵੀ ਜਾਰੀ ਰਿਹਾ। ਜ਼ਿਲ੍ਹਾ ਪਰਿਸ਼ਦ ਦੀ ਉਭਾਵਾਲ ਜ਼ੋਨ ਤੋਂ ਕੱਲ੍ਹ ਅਕਾਲੀ ਉਮੀਦਵਾਰ ਸਤਿਗੁਰ ਸਿੰਘ ਨਮੋਲ ਅਤੇ ਅੱਜ ‘ਆਪ’ ਉਮੀਦਵਾਰ ਨੂੰ ਮੁਕਾਬਲੇ ਤੋਂ ਕਰ ਦਿੱਤਾ ਗਿਆ। ਇਸ ’ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਹੀ ਮੈਦਾਨ ਵਿੱਚ ਰਹਿ ਗਿਆ। ‘ਆਪ’ ਉਮੀਦਵਾਰ ਸੁਖਵਿੰਦਰ ਉਰਫ਼ ਮਹਿੰਦਰ ਸਿੰਘ ਦੇ ਮੁਕਾਬਲੇ ਤੋਂ ਬਾਹਰ ਹੋਣ ਕਾਰਨ ਰੋਹ ਵਿੱਚ ਆਏ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਵਿੱਚ ‘ਆਪ’ ਵਰਕਰ ਡੀ ਸੀ ਕੰਪਲੈਕਸ ਪੁੱਜੇ, ਜਿੱਥੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਵੀ ਆਪਣੇ ਸਮਰਥਕਾਂ ਨਾਲ ਪੁੱਜ ਗਏ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਖ਼ਿਲਾਫ਼ ਨਾਅਰੇ ਲਾਉਣ ਕਾਰਨ ਡੀਸੀ ਕੰਪਲੈਕਸ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ।
ਡੀਸੀ ਕੰਪਲੈਕਸ ਅੰਦਰ ਧਰਨਾ ਦਿੰਦਿਆਂ ਸੁਨਾਮ ਤੋਂ ‘ਆਪ’ ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਇਕ ਅਧਿਕਾਰੀ ਨੇ ‘ਆਪ’ ਉਮੀਦਵਾਰ ਦੇ ਕਾਗਜ਼ਾਂ ਦੀ ਵਾਪਸੀ ਲਈ ਗ਼ਲਤ ਤਰੀਕੇ ਨਾਲ ਫਾਰਮ ਆਪਣੇ ਕਲਰਕ ਤੋਂ ਭਰਵਾ ਕੇ ਖ਼ੁਦ ਹੀ ਵਾਪਸੀ ਵਿਖਾ ਦਿੱਤੀ ਹੈ, ਜਦੋਂ ਕਿ ‘ਆਪ’ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਨਹੀਂ ਲਏ ਗਏ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਵਲੋਂ ਕੱਲ੍ਹ ਚੋਣ ਰਿਟਰਨਿੰਗ ਅਫ਼ਸਰ ਸ੍ਰੀ ਬਰਾੜ ਨੂੰ ਲਿਖਤੀ ਦਰਖ਼ਾਸਤ ਦਿੰਦਿਆਂ ਖ਼ਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ ਕੋਈ ਨਾਮਾਲੂਮ ਵਿਅਕਤੀ ਉਸ ਦੇ ਜਾਅਲੀ ਦਸਤਖ਼ਤ ਕਰਕੇ ਉਸ ਦੀ ਨਾਮਜ਼ਦਗੀ ਵਾਪਸ ਕਰਵਾ ਸਕਦਾ ਹੈ। ਦਰਖ਼ਾਸਤ ਦੀ ਰਸੀਦ ਉਮੀਦਵਾਰ ਕੋਲ ਹੈ। ਸ੍ਰੀ ਅਰੋੜਾ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਕਾਂਗਰਸੀ ਉਮੀਦਵਾਰ ਚੋਣ ਜਿੱਤ ਨਹੀਂ ਸਕਦੇ ਤਾਂ ਚੋਣ ਨਾ ਕਰਵਾਈ ਜਾਵੇ। ਸ੍ਰੀ ਅਰੋੜਾ ਨੇ ਦੋਸ਼ ਲਾਇਆ ਕਿ ਕਾਂਗਰਸ ਉਮੀਦਵਾਰ ਨੂੰ ਜਿਤਾਉਣ ਲਈ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਸਿਆਸੀ ਦਬਾਅ ਹੇਠ ਕੱਲ੍ਹ ਅਕਾਲੀ ਉਮੀਦਵਾਰ ਅਤੇ ਅੱਜ ‘ਆਪ’ ਉਮੀਦਵਾਰ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਦੇ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਵਾਲੇ ਫਾਰਮ ’ਤੇ ਦਸਤਖ਼ਤ ਕਿਸ ਨੇ ਕੀਤੇ ਹਨ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਧੱਕੇਸ਼ਾਹੀ ਖ਼ਿਲਾਫ਼ ਸੂਬੇ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣਗੇ ਤੇ ਕਾਨੂੰਨੀ ਤੌਰ ’ਤੇ ਵੀ ਲੜਾਈ ਲੜਨਗੇ।
ਅੱਜ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਮੌਕੇ ’ਤੇ ਡੀਐਸਪੀ, ਦੋਵੇਂ ਥਾਣਿਆਂ ਦੇ ਮੁਖੀ ਤੇ ਪੁਲੀਸ ਫੋਰਮ ਵੀ ਪੁੱਜ ਗਈ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਿਉਂ ਹੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਇੱਕ ਦੂਜੇ ਨੂੰ ਮੇਹਣੇ ਮਾਰਦੇ ਹੋਏ ਇੱਕ ਦੂਜੇ ਵੱਲ ਵਧੇ ਤਾਂ ਸਥਿਤੀ ਤਣਾਅਪੂਰਨ ਬਣ ਗਈ। ਦੋਵੇਂ ਆਗੂਆਂ ਦੇ ਸਮਰਥਕ ਵੀ ਤੈਸ਼ ਵਿੱਚ ਆ ਗਏ ਅਤੇ ਦੋਵਾਂ ਧਿਰਾਂ ਦੀ ਝੜਪ ਹੁੰਦੀ ਹੁੰਦੀ ਬਚ ਗਈ। ਪੁਲੀਸ ਫੋਰਸ ਨੇ ਬਹੁਤ ਮੁਸ਼ੱਕਤ ਨਾਲ ਦੋਵੇ ਆਗੂਆਂ ਤੇ ਸਮਰਥਕਾਂ ਨੂੰ ਇਕ ਦੂਜੇ ਵਲ ਵਧਣ ਤੋਂ ਰੋਕਿਆ।
ਉਧਰ, ਚੋਣ ਰਿਟਰਨਿੰਗ ਅਫ਼ਸਰ-ਕਮ-ਏਡੀਸੀ ਰਾਜਦੀਪ ਸਿੰਘ ਬਰਾੜ ਨੇ ‘ਆਪ’ ਆਗਅੂਾਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ‘ਆਪ’ ਉਮੀਦਵਾਰ ਸੁਖਵਿੰਦਰ ਉਰਫ਼ ਮਹਿੰਦਰ ਸਿੰਘ ਵੱਲੋਂ ਖੁਦ ਉਨ੍ਹਾਂ ਦੇ ਦਫ਼ਤਰ ਆ ਕੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਇਸ ਸਬੰਧੀ ਕਾਂਗਰਸੀ ਉਮੀਦਵਾਰ ਰਾਜਿੰਦਰ ਸਿੰਘ ਰਾਜਾ ਨੇ ਵੀ ਦਾਅਵਾ ਕੀਤਾ ਹੈ ਕਿ ‘ਆਪ’ ਉਮੀਦਵਾਰ ਨੇ ਖ਼ੁਦ ਕਾਗਜ਼ ਵਾਪਸ ਲਏ ਹਨ ਅਤੇ ਬਿਨਾ ਵਜ੍ਹਾ ਕਾਂਗਰਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।