ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ (70) ਨੂੰ ਅੱਜ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਇਸ ਦੌਰਾਨ ਖਾਨ ਸਾਬ੍ਹ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਖਾਨ ਸਾਬ੍ਹ ਨੇ ਪਿਤਾ ਦੀ ਤਸਵੀਰ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ, ਮ੍ਰਿਤਕ ਦੇਹ ਨੂੰ ਆਪਣੇ ਜੱਦੀ ਪਿੰਡ ਭੰਡਾਲ ਦੇ ਕਬਰਿਸਤਾਨ ਪਹੁੰਚੇ, ਜਿੱਥੇ ਅੰਤਿਮ ਰਸਮਾਂ ਕੀਤੀਆਂ ਗਈਆਂ। ਫਿਰ ਉਨ੍ਹਾਂ ਨੂੰ ਇਸਲਾਮਿਕ ਰੀਤੀ-ਰਿਵਾਜਾਂ ਨਾਲ ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਪਿਤਾ ਦੀਆਂ ਅੰਤਿਮ ਰਸਮਾਂ ਦੌਰਾਨ ਖਾਨ ਸਾਬ੍ਹ ਭੁੱਬਾਂ ਮਾਰ ਕੇ ਰੌਂਦਾ ਨਜਰ ਆਇਆ।
ਖਾਨ ਸਾਬ੍ਹ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਾਰੇ – ਸਾਰੇ ਆਪਣੇ ਮਾਂ-ਬਾਪ ਦਾ ਖਿਆਲ ਰੱਖੋ, ਮਾਪੇ ਦੁਬਾਰਾ ਨਹੀਂ ਮਿਲਦੇ। ਜਿਨ੍ਹਾਂ ਨੇ ਆਪਣੇ ਮਾਂ-ਬਾਪ ਨੂੰ ਕਦੇ ਸਕੂਨ ਨਹੀਂ ਦਿੱਤਾ ਉਹ ਕਾਮਯਾਬ ਨਹੀਂ ਹੋ ਸਕਦਾ। ਮੇਰੀ ਮਾਂ ਬਿਨ੍ਹਾਂ ਮੇਰੇ ਪਿਤਾ ਨੇ 15 ਦਿਨ ਵੀ ਨਹੀਂ ਕੱਢੇ, ਇਕੱਲੇ-ਇਕੱਲੇ ਨਹੀਂ ਰਹਿ ਸਕੇ, ਇਸ ਲਈ ਅੱਲਾ ਨੇ ਉਨ੍ਹਾਂ ਨੂੰ ਇਕੱਠੇ ਕਰ ਦਿੱਤਾ।
ਖਾਨ ਸਾਬ੍ਹ ਦੇ ਪਿਤਾ ਦੇ ਦਿਹਾਂਤ ਮਗਰੋਂ ਗਾਇਕ ਕੁਲਵਿੰਦਰ ਬਿੱਲਾ ਨੇ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ- “ਰੱਬਾ ਕੀ ਕਰੀ ਜਾਨੈ, ਕੁਝ ਦਿਨ ਪਹਿਲਾਂ ਖਾਨ ਸਾਬ੍ਹ ਦੀ ਮਾਤਾ ਨੂੰ ਲੈ ਗਿਆ, ਹੁਣ ਪਿਤਾ ਨੂੰ ਲੈ ਗਿਆ, ਇਹ ਤਾਂ ਬਹੁਤ ਧੱਕਾ, ਕੋਈ ਤਾਂ ਸਹਾਰਾ ਛੱਡ ਦਿੰਦਾ ਉਸਦੇ ਲਈ।”
ਦੱਸ ਦੇਈਏ ਕਿ ਖਾਨ ਸਾਬ੍ਹ ਦੇ ਪਿਤਾ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਉਹ ਬਾਥਰੂਮ ਵਿੱਚ ਨਹਾ ਰਹੇ ਸਨ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਖਾਨ ਸਾਬ੍ਹ ਦੀ ਮਾਂ, ਪਰਵੀਨ ਬੇਗਮ, ਦਾ ਸਿਰਫ਼ 18 ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਖਾਨ ਸਾਬ੍ਹ ਦੇ ਪਿਤਾ ਇਸ ਗੱਲ ਤੋਂ ਬਹੁਤ ਦੁਖੀ ਸਨ। ਖਾਨ ਸਾਬ੍ਹ ਨੇ ਕੈਨੇਡਾ ਵਿੱਚ ਆਪਣਾ ਸ਼ੋਅ ਰੱਦ ਕਰ ਦਿੱਤਾ ਤੇ ਕਪੂਰਥਲਾ ਵਾਪਸ ਆ ਗਏ ਸਨ ਅਤੇ ਆਪਣੀ ਮਾਂ ਨੂੰ ਸਪੁਰਦ-ਏ-ਖਾਕ ਦਿੱਤਾ। ਹੁਣ ਉਨ੍ਹਾਂ ਦੇ ਪਿਤਾ, ਇਕਬਾਲ ਮੁਹੰਮਦ, ਦੀ ਤਿੰਨ ਹਫ਼ਤਿਆਂ ਦੇ ਅੰਦਰ ਮੌਤ ਨੇ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ। ਸੰਗੀਤ ਸ਼ਖਸੀਅਤਾਂ ਅਤੇ ਖਾਨ ਸਾਬ੍ਹ ਦੇ ਪ੍ਰਸ਼ੰਸਕਾਂ ਨੇ ਆਪਣਾ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਖਾਨ ਸਾਬ੍ਹ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਬਹੁਤ ਗੁਮਸੁਮ ਰਹਿਣ ਲਗ ਪਏ ਸਨ। ਉਹ ਪਹਿਲਾਂ ਸਾਊਦੀ ਅਰਬ ਵਿੱਚ ਕੰਮ ਕਰਦੇ ਸਨ, ਪਰ ਜਦੋਂ ਖਾਨ ਸਾਬ ਇੱਕ ਸਫਲ ਗਾਇਕ ਬਣ ਗਏ, ਤਾਂ ਉਹ ਆਪਣੇ ਪਿਤਾ ਨੂੰ ਭਾਰਤ ਵਾਪਸ ਲੈ ਆਏ। ਉਦੋਂ ਤੋਂ, ਉਹ ਜ਼ਿਆਦਾਤਰ ਆਪਣੇ ਪਿੰਡ ਭੰਡਾਲ ਦੋਨਾ ਅਤੇ ਕੁਝ ਦਿਨਾਂ ਲਈ ਫਗਵਾੜਾ ਵਿੱਚ ਰਹੇ ਹਨ।