ਚੰਡੀਗੜ੍ਹ, 26 ਜਨਵਰੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਮੂਲ ਦੇ ਲੋਕਾਂ ਨੂੰ ਆਪੋ-ਆਪਣੇ ਜੱਦੀ ਪਿੰਡਾਂ-ਸ਼ਹਿਰਾਂ ਵਿੱਚ ਸਕੂਲਾਂ ਤੇ ਡਿਸਪੈਂਸਰੀਆਂ/ਹਸਪਤਾਲਾਂ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਲਈ ਵਿੱਤੀ ਸਹਾਇਤਾ ਦੇਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਦੇ ਦਫ਼ਤਰ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਆਏ ਇੱਕ ਸੰਯੁਕਤ ਵਫ਼ਦ ਨੇ ਰਾਣਾ ਕੇਪੀ ਸਿੰਘ ਨੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤੇ ਪਰਵਾਸੀ ਪੰਜਾਬੀ ਸਿਆਸੀ ਸਰਗਰਮੀਆਂ ’ਤੇ ਪੈਸਾ ਖ਼ਰਚ ਕਰਦੇ ਹਨ ਜਦਕਿ ਉਨ੍ਹਾਂ ਨੂੰ ਆਪਣੀ ਮਿਹਨਤ ਦੀ ਕਮਾਈ ਸਮਾਜਿਕ ਭਲਾਈ ਦੇ ਕੰਮਾਂ ’ਤੇ ਖ਼ਰਚ ਕਰਨੀ ਚਾਹੀਦੀ ਹੈ। ਵਫ਼ਦ ਮੈਂਬਰਾਂ ਵੱਲੋਂ ਪਰਵਾਸੀ ਪੰਜਾਬੀਆਂ ਦੇ ਜ਼ਮੀਨਾਂ ਸਬੰਧੀ ਝਗੜਿਆਂ ਦੇ ਜਲਦੀ ਹੱਲ ਲਈ ਕੋਈ ਢਾਂਚਾ ਸਥਾਪਤ ਕਰਨ ਦੀ ਮੰਗ ਵੀ ਕੀਤੀ ਗਈ। ਸਪੀਕਰ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਹੁਤ ਗੰਭੀਰ ਹੈ ਅਤੇ ਜਲਦੀ ਹੀ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਨੀਤੀ ਲਿਆਂਦੀ ਜਾਵੇਗੀ।  ਵਫ਼ਦ ਮੈਂਬਰਾਂ ਵਿੱਚ ਰਾਜਵਿੰਦਰ ਸਿੰਘ, ਕਮਲਪ੍ਰੀਤ ਧਾਲੀਵਾਲ, ਦਿਲਬਾਗ ਸਿੰਘ, ਜਗਤਾਰ ਸਿੰਘ, ਗੁਰਮੇਲ ਸਿੰਘ, ਅਮਰ ਸਿੰਘ, ਸਤਨਾਮ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਗਿੱਲ, ਗੁਰਭਾਈ ਧਾਲੀਵਾਲ, ਬਲਜਿੰਦਰ ਜੈਨਪੁਰ, ਹਰਜਿੰਦਰ ਗਿੱਲ, ਕਮਲ, ਸੰਦੀਪ ਵੜੈਚ, ਪੰਕਜ ਕੈਨ, ਕਰਨ ਬੁੱਟਰ, ਬੌਬੀ ਢਿੱਲੋਂ, ਅਮਨ ਹੇਅਰ ਅਤੇ ਨਛੱਤਰ ਕਲਸੀ ਤੋਂ ਇਲਾਵਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਨ ਸਭਾ ਦੇ ਸਕੱਤਰ ਸ਼ਸ਼ੀ ਲਖਣਪਾਲ ਮਿਸ਼ਰਾ, ਸਪੀਕਰ ਦੇ ਸਕੱਤਰ ਰਾਮ ਲੋਕ ਅਤੇ ਪਵਨ ਦੀਵਾਨ ਹਾਜ਼ਰ ਸਨ।