ਕੀਵ, 3 ਮਾਰਚ
ਰੂਸ ਵਿਰੁੱਧ ਲਾਮਬੰਦੀ ਕਰਦੇ ਹੋਏ ਸੰਯੁਕਤ ਰਾਸ਼ਟਰ ਵਿਚ ਜ਼ਿਆਦਾਤਰ ਦੇਸ਼ਾਂ ਨੇ ਯੂਕਰੇਨ ਵਿਚੋਂ ਉਸ ਨੂੰ ਬਾਹਰ ਨਿਕਲਣ ਦੀ ਮੰਗ ਕੀਤੀ। ਦੂਜੇ ਪਾਸੇ ਰੂਸੀ ਫੌਜ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ‘ਤੇ ਬੰਬਾਰੀ ਮੁੜ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਦੀ ਰਾਜਧਾਨੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੌਰਾਨ ਖਾਰਕੀਵ ਵਿੱਚ ਰੂਸੀਆਂ ਨੇ 34 ਆਮ ਨਾਗਰਿਕਾਂ ਨੂੰ ਮਾਰ ਦਿੱਤਾ। ਰੂਸ ਨੇ ਯੂਕਰੇਨ ਦੀਆਂ ਪ੍ਰਮੁੱਖ ਰਣਨੀਤਿਕ ਬੰਦਰਗਾਹਾਂ ਨੂੰ ਵੀ ਘੇਰ ਲਿਆ ਹੈ। ਰੂਸ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਤੋਂ ਸ਼ੁਰੂ ਹੋਏ ਫੌਜੀ ਕਾਰਵਾਈ ਵਿਚ ਉਸ ਦੇ 500 ਫੌਜੀ ਮਾਰੇ ਗਏ ਹਨ ਅਤੇ 1600 ਫੌਜੀ ਜ਼ਖ਼ਮੀ ਹੋਏ ਹਨ। ਇਸ ਦੇ ਨਾਲ ਹੀ ਯੂਕਰੇਨ ਨੇ ਆਪਣੀ ਫੌਜ ਜਾਨੀ ਨੁਕਸਾਨ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਹਾਲਾਂਕਿ ਯੂਕਰੇਨ ਨੇ ਕਿਹਾ ਕਿ 2,000 ਤੋਂ ਵੱਧ ਨਾਗਰਿਕ ਮਾਰੇ ਗਏ ਹਨ। ਦੋਵਾਂ ਦੇਸ਼ਾਂ ਦੇ ਦਾਅਵਿਆਂ ਦੀ ਪੁਸ਼ਟੀ ਹੋਣੀ ਬਾਕੀ ਹੈ। ਯੂਕਰੇਨ ਅਤੇ ਰੂਸ ਦੇ ਰਾਜਦੂਤ ਜੰਗ ਨੂੰ ਰੋਕਣ ਲਈ ਢੁਕਵਾਂ ਹੱਲ ਲੱਭਣ ਲਈ ਵੀਰਵਾਰ ਨੂੰ ਬੇਲਾਰੂਸ ਵਿੱਚ ਦੂਜੀ ਵਾਰ ਮੁਲਾਕਾਤ ਕਰਨਗੇ ਪਰ ਦੋਵਾਂ ਵਿਚਾਲੇ ਸਮਝੌਤਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।