ਗੁਰਦਾਸਪੁਰ, 20 ਨਵੰਬਰ

ਮਾਸੀ ਦੀ ਕੁੜੀ ਨਾਲ ਕਥਿਤ ਨਾਜਾਇਜ਼ ਸਬੰਧਾਂ ਕਾਰਨ ਬੀਐੱਸਐੱਫ ਦੇ ਜਵਾਨ ਦਾ ਲੜਕੀ ਦੇ ਭਰਾ ਅਤੇ ਚਾਚੇ (ਮਾਸੀ ਦੇ ਦਿਉਰ) ਨੇ ਕਤਲ ਕਰ ਦਿੱਤਾ। ਪਿੰਡ ਮਾਨ ਚੋਪੜਾ ਵਾਸੀ ਸ਼ਰਨਜੀਤ (25) ਪੁੱਤਰ ਜੋਗਿੰਦਰ ਪਾਲ ਤਿੰਨ ਸਾਲ ਪਹਿਲਾਂ ਬੀਐੱਸਐੱਫ ਵਿੱਚ ਭਰਤੀ ਹੋਇਆ ਸੀ ਅਤੇ ਉਹ ਮਨੀਪੁਰ ਵਿੱਚ ਤਾਇਨਾਤ ਸੀ। ਕੁਝ ਦਿਨ ਪਹਿਲਾਂ ਉਹ ਛੁੱਟੀ ਲੈ ਕੇ ਘਰ ਆਇਆ ਸੀ। ਉਸ ਦੇ ਭਰਾ ਅਰਸ਼ਦੀਪ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਪਿੰਡ ਰਾਂਝਿਆਂ ਦਾ ਡੇਰਾ (ਤਾਰਾਗੜ੍ਹ) ਤੋਂ ਉਸ ਦੀ ਮਾਸੀ ਦਾ ਮੁੰਡਾ ਕੁਲਦੀਪ ਕੁਮਾਰ ਅਤੇ ਚਾਚਾ ਪ੍ਰੇਮ ਪਾਲ ਉਨ੍ਹਾਂ ਦੇ ਘਰ ਆਏ। ਚਾਹ-ਪਾਣੀ ਪੀਣ ਮਗਰੋਂ ਉਹ ਸ਼ਰਨਜੀਤ ਨਾਲ ਹਵੇਲੀ ਵੱਲ ਚਲੇ ਗਏ। ਕੁਲਦੀਪ ਕੁਮਾਰ ਦੇ ਚਾਚਾ ਪ੍ਰੇਮ ਪਾਲ ਨੇ ਪਰਨੇ ਨਾਲ ਸ਼ਰਨਜੀਤ ਦਾ ਗਲਾ ਘੁੱਟ ਦਿੱਤਾ ਅਤੇ ਕੁਲਦੀਪ ਨੇ ਉਸ ਦੇ ਢਿੱਡ ਵਿੱਚ ਕਿਰਚਾਂ ਦੇ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਦੀ ਇਲਾਜ ਲਈ ਅੰਮ੍ਰਿਤਸਰ ਲਿਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ। ਥਾਣਾ ਤਿੱਬੜ ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਦੇ ਆਪਣੀ ਮਾਸੀ ਦੀ ਲੜਕੀ ਨਾਲ ਨਾਜਾਇਜ਼ ਸਬੰਧ ਸਨ। ਵਾਰਦਾਤ ਤੋਂ ਪਹਿਲਾਂ ਲੜਕੀ ਸ਼ਰਨਜੀਤ ਦੇ ਘਰ ਆਈ ਸੀ। ਇਸ ਦੇ ਬਾਅਦ ਉਸ ਦੇ ਭਰਾ ਅਤੇ ਚਾਚੇ ਨੇ ਵਾਰਦਾਤ ਕੀਤੀ। ਪੁਲੀਸ ਨੇ ਕੁਲਦੀਪ ਕੁਮਾਰ ਅਤੇ ਪ੍ਰੇਮ ਪਾਲ ਖ਼ਿਲਾਫ਼ ਧਾਰਾ 307 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਫ਼ਰਾਰ ਹਨ।