ਮੁੰਬਈ: ਮਸ਼ਹੂਰ ਗਾਇਕ ਉਦਿਤ ਨਾਰਾਇਣ ਹਾਲ ਹੀ ‘ਚ ਲਾਈਵ ਕੰਸਰਟ ਦੌਰਾਨ ਵਿਵਾਦ ਕਾਰਨ ਸੁਰਖੀਆਂ ‘ਚ ਆ ਗਏ ਹਨ। ਵਾਇਰਲ ਵੀਡੀਓ ‘ਚ ਗਾਇਕ ਆਪਣੇ ਲੇਡੀਜ਼ ਫੈਨਜ਼ ਨੂੰ ਚੁੰਮਦੇ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖ ਕੇ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਨਤਕ ਤੌਰ ‘ਤੇ ਮਹਿਲਾ ਪ੍ਰਸ਼ੰਸਕਾਂ ਨੂੰ ਚੁੰਮਣ ਲਈ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੁਣ ਉਦਿਤ ਨਾਰਾਇਣ ਨੇ ਇਸ ਵਿਵਾਦ ‘ਤੇ ਚੁੱਪੀ ਤੋੜਦੇ ਹੋਏ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਹੈ।

ਮਹਿਲਾ ਪ੍ਰਸ਼ੰਸਕ ਨੂੰ ਚੁੰਮਣ ‘ਤੇ ਆਪਣੀ ਚੁੱਪੀ ਤੋੜਦੇ ਹੋਏ ਉਦਿਤ ਨਾਰਾਇਣ ਨੇ ਕਿਹਾ, “ਪ੍ਰਸ਼ੰਸਕ ਬਹੁਤ ਦੀਵਾਨੇ ਹਨ। ਅਸੀਂ ਸਭਿਅਕ ਲੋਕ ਹਾਂ ਅਤੇ ਅਸੀਂ ਅਜਿਹੀਆਂ ਚੀਜ਼ਾਂ ਨੂੰ ਉਤਸ਼ਾਹਿਤ ਨਹੀਂ ਕਰਦੇ। ਕਈ ਵਾਰ ਪ੍ਰਸ਼ੰਸਕ ਦੀਵਾਨਗੀ ਦੇ ਚਲਦੇ ਐਵੇਂ ਕਰ ਬਠਦੇ ਹਨ। ਕੁਝ ਲੋਕ ਸੁਰੱਖਿਆ ਲਈ ਭੀੜ ਵਿੱਚ ਰਹਿ ਕੇ ਅਤੇ ਬਾਡੀਗਾਰਡਾਂ ਦੇ ਨਾਲ ਅਜਿਹੇ ਕੰਮ ਕਰਦੇ ਹਨ, ਪਰ ਸਾਨੂੰ ਇਸ ਨੂੰ ਜ਼ਿਆਦਾ ਮਹੱਤਵ ਨਹੀਂ ਦੇਣਾ ਚਾਹੀਦਾ। ਇਹ ਉਨ੍ਹਾਂ ਦਾ ਜਨੂੰਨ ਹੈ।”

ਇਸ ਤੋਂ ਇਲਾਵਾ ਉਦਿਤ ਨਾਰਾਇਣ ਨੇ ਕਿਹਾ, ”ਮੈਂ ਬਾਲੀਵੁੱਡ ‘ਚ 46 ਸਾਲਾਂ ਤੋਂ ਹਾਂ ਅਤੇ ਮੇਰੀ ਇਮੇਜ ਅਜਿਹੀ ਨਹੀਂ ਰਹੀ ਕਿ ਮੈਂ ਪ੍ਰਸ਼ੰਸਕਾਂ ਨੂੰ ਜ਼ਬਰਦਸਤੀ ਚੁੰਮਾਂ। ਜਦੋਂ ਮੈਂ ਆਪਣੇ ਪ੍ਰਸ਼ੰਸਕਾਂ ਦਾ ਪਿਆਰ ਦੇਖਦਾ ਹਾਂ ਤਾਂ ਮੈਂ ਹੱਥ ਜੋੜ ਕੇ ਸਟੇਜ ‘ਤੇ ਝੁਕ ਜਾਂਦਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਪਲ ਕਦੇ ਵਾਪਸ ਨਹੀਂ ਆਉਣਗੇ।” ਇਸ ਵਾਇਰਲ ਵੀਡੀਓ ‘ਚ ਇਕ ਮਹਿਲਾ ਪ੍ਰਸ਼ੰਸਕ ਸੈਲਫੀ ਲੈਣ ਤੋਂ ਬਾਅਦ ਉਦਿਤ ਨਾਰਾਇਣ ਦੀ ਗੱਲ੍ਹ ‘ਤੇ ਚੁੰਮਣ ਦੀ ਕੋਸ਼ਿਸ਼ ਕਰਦੀ ਹੈ। ਹਾਲਾਂਕਿ, ਗਾਇਕ ਨੇ ਆਪਣਾ ਸਿਰ ਝੁਕਾਇਆ ਅਤੇ ਔਰਤ ਦੇ ਬੁੱਲਾਂ ‘ਤੇ ਚੁੰਮਿਆ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਗਈ ਅਤੇ ਇਸ ਨੂੰ ਲੈ ਕੇ ਕਾਫੀ ਵਿਵਾਦ ਸ਼ੁਰੂ ਹੋ ਗਿਆ।