ਓਟਵਾ, 22 ਮਾਰਚ : ਲੈਗਰ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਸੱਤਾਧਾਰੀ ਲਿਬਰਲ ਪਾਰਟੀ ਆਪਣਾ ਆਧਾਰ ਗੁਆ ਚੁੱਕੀ ਹੈ ਤੇ ਇਸ ਦਾ ਸੱਭ ਤੋਂ ਵੱਧ ਫਾਇਦਾ ਕੰਜ਼ਰਵੇਟਿਵਾਂ ਨੂੰ ਹੋ ਸਕਦਾ ਹੈ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਫੈਡਰਲ ਬਜਟ ਤੋਂ ਬਾਅਦ ਕਰਵਾਏ ਗਏ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 31 ਫੀ ਸਦੀ ਲੋਕਾਂ ਨੇ ਆਖਿਆ ਕਿ ਜੇ ਅੱਜ ਹੀ ਚੋਣਾਂ ਹੁੰਦੀਆਂ ਹਨ ਤਾਂ ਉਹ ਅਜੇ ਵੀ ਜਸਟਿਨ ਟਰੂਡੋ ਦੀ ਅਗਵਾਈ ਵਾਲੇ ਲਿਬਰਲਾਂ ਨੂੰ ਹੀ ਵੋਟ ਪਾਉਣਗੇ। ਫਰਵਰੀ ਨਾਲੋਂ ਲਿਬਰਲਾਂ ਨੂੰ ਇੱਥੇ ਤਿੰਨ ਫੀ ਸਦੀ ਅੰਕਾਂ ਦਾ ਚੂਨਾ ਲੱਗਿਆ ਹੈ। ਇਸ ਦੇ ਮੁਕਾਬਲੇ 37 ਫੀ ਸਦੀ ਦਾ ਕਹਿਣਾ ਹੈ ਕਿ ਉਹ ਐਂਡਰਿਊ ਸ਼ੀਅਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਹੀ ਚੁਣਨਗੇ। ਇਸ ਹਿਸਾਬ ਨਾਲ ਫਰਵਰੀ ਦੇ ਮੁਕਾਬਲੇ ਕੰਜ਼ਰਵੇਟਿਵਾਂ ਨੂੰ ਇੱਕ ਫੀ ਸਦੀ ਅੰਕ ਦਾ ਫਾਇਦਾ ਹੋ ਰਿਹਾ ਹੈ। 12 ਫੀ ਸਦੀ ਨੇ ਆਖਿਆ ਕਿ ਉਹ ਐਨਡੀਪੀ ਨੂੰ ਵੋਟ ਕਰਨਗੇ ਤੇ ਅੱਠ ਫੀ ਸਦੀ ਨੇ ਗ੍ਰੀਨਜ਼ ਨੂੰ ਵੋਟ ਕਰਨ ਦੀ ਗੱਲ ਮੰਨੀ।
ਇਹ ਪੁੱਛੇ ਜਾਣ ਉੱਤੇ ਕਿ ਪ੍ਰਧਾਨ ਮੰਤਰੀ ਵਜੋਂ ਬਿਹਤਰ ਆਗੂ ਕੌਣ ਹੋ ਸਕਦਾ ਹੈ ਤਾਂ ਇਸ ਮਾਮਲੇ ਵਿੱਚ ਵੀ 25 ਫੀ ਸਦੀ ਸਮਰਥਨ ਹਾਸਲ ਕਰਕੇ ਸ਼ੀਅਰ ਬਾਜ਼ੀ ਮਾਰ ਗਏ ਜਦਕਿ ਟਰੂਡੋ ਨੂੰ 24 ਫੀ ਸਦੀ ਵੋਟ ਹੀ ਮਿਲੇ। ਜਿ਼ਕਰਯੋਗ ਹੈ ਕਿ ਟਰੂਡੋ ਐਸਐਨਸੀ-ਲਾਵਾਲਿਨ ਮਾਮਲੇ ਕਾਰਨ ਪਾਰਟੀ ਤੇ ਉਨ੍ਹਾਂ ਦੇ ਆਪਣੇ ਅਕਸ ਨੂੰ ਲੱਗ ਰਹੀ ਢਾਹ ਨਾਲ ਸੰਘਰਸ਼ ਕਰ ਰਹੇ ਹਨ। ਲਿਬਰਲਾਂ ਨੂੰ ਪੂਰੀ ਆਸ ਸੀ ਕਿ ਬਜਟ ਤੋਂ ਬਾਅਦ ਐਸਐਨਸੀ-ਲਾਵਾਲਿਨ ਤੋਂ ਉਨ੍ਹਾਂ ਦਾ ਖਹਿੜਾ ਛੁੱਟ ਜਾਵੇਗਾ ਪਰ ਸਿਰਫ 12 ਫੀ ਸਦੀ ਨੂੰ ਹੀ ਇਹ ਬਜਟ ਪਸੰਦ ਆਇਆ ਜਦਕਿ 19 ਫੀ ਸਦੀ ਨੇ ਇਸ ਨੂੰ ਮਾੜਾ ਬਜਟ ਆਖਿਆ ਪਰ 39 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਬਜਟ ਬਾਰੇ ਕੋਈ ਜਾਣਕਾਰੀ ਨਹੀਂ।