ਚੰਡੀਗੜ੍ਹ, 9 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਆਨੰਦ ਮੈਰਿਜ ਐਕਟ ਨੂੰ ਬਿਨਾਂ ਕਿਸੇ ਦੇਰੀ ਤੋਂ ਇੰਨ-ਬਿੰਨ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਵਿੱਚ ਪੰਜਾਬ ਪੱਛੜਿਆ ਹੈ। ਇਸ ਦਾ ਨੋਟੀਫ਼ਿਕੇਸ਼ਨ ਕਈ ਵਰ੍ਹੇ ਪਹਿਲਾਂ ਹੋ ਗਿਆ ਸੀ ਪਰ ਇਸ ਨੂੰ ਪੰਜਾਬ ਵਿੱਚ ਪੂਰਨ ਰੁਪ ਵਿੱਚ ਅਮਲ ’ਚ ਨਹੀਂ ਲਿਆਂਦਾ ਗਿਆ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਮਗਰੋਂ ਟਵੀਟ ਕਰ ਕੇ ਇਸ ਫ਼ੈਸਲੇ ਨੂੰ ਜਨਤਕ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਕਈ ਹੋਰ ਸੂਬੇ ਪਹਿਲਾਂ ਹੀ ਲਾਗੂ ਕਰ ਚੁੱਕੇ ਹਨ ਪਰ ਪੰਜਾਬ ਇਸ ਮਾਮਲੇ ਵਿੱਚ ਪੱਛੜ ਗਿਆ ਹੈ। ਹੁਣ ਇਸ ਐਕਟ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ। ਅੱਜ ਗੁਰਪੁਰਬ ਮੌਕੇ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਸੂਬੇ ਵਿੱਚ ਫ਼ਿਰਕੂ ਸਾਂਝ, ਸ਼ਾਂਤੀ ਅਤੇ ਭਾਈਚਾਰਕ ਭਾਵਨਾਵਾਂ ਮਜ਼ਬੂਤ ਕਰਨ ਲਈ ਅਰਦਾਸ ਕੀਤੀ।