ਮਾਲ ਮੰਤਰੀ ਕਾਂਗੜ ਨੇ ਕੀਤੀ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਵੰਡ

ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਕੀਤੇ ਚੈਕ ਭੇਂਟ

ਰਾਮਪੁਰਾ (ਬਠਿੰਡਾ), 3 ਅਕਤੂਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਰਾਮਪੁਰਾ ਵਿਖੇ ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਾਮਪੁਰਾ ਮੰਡੀ ਨੂੰ 163 ਅਤੇ ਮੰਡੀ ਫੂਲ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂੰ 240 ਸਮਾਰਟ ਮੋਬਾਇਲ ਫੋਨਾਂ ਦੀ ਵੰਡ ਕੀਤੀ ਗਈ।

          ਸ. ਕਾਂਗੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਦਾ ਮੁੱਖ ਮਕਸਦ ਡਿਜ਼ੀਟਲ ਪਹੁੰਚ, ਹੁਨਰ ਵਿਕਾਸ, ਤਕਨੀਕੀ ਜਾਣਕਾਰੀ, ਆਨਲਾਇਨ ਸਿੱਖਿਆ ਪ੍ਰਣਾਲੀ ਨਾਲ ਜੋੜਨਾ, ਭਵਿੱਖ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣੇ ਅਤੇ ਸਮੇਂ ਸਮੇਂ ‘ਤੇ ਸਰਕਾਰੀ ਸੇਵਾਵਾਂ ਬਾਰੇ ਜਾਣਕਾਰੀ ਉਪਲਬਧ ਕਰਵਾਉਣਾ ਹੈ।

          ਕੈਬਨਿਟ ਮੰਤਰੀ ਸ. ਕਾਂਗੜ ਨੇ ਕਿਹਾ ਕਿ ਇਹ ਸਮਾਰਟ ਫੋਨ ਵਿਦਿਆਰਥੀਆਂ ਦੇ ਜੀਵਨ ਵਿਚ ਵੱਡੀ ਤਬਦੀਲੀ ਲਿਆਉਂਦਿਆਂ ਆਨ ਲਾਇਨ ਸਿੱਖਿਆ ਹਾਸਲ ਕਰਨ ਵਿਚ ਵਰਦਾਨ ਸਾਬਤ ਹੋਣਗੇ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਕੈਬਨਿਟ ਮੰਤਰੀ ਸ. ਕਾਂਗੜ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।

          ਇਸ ਤੋਂ ਪਹਿਲਾਂ ਦਫ਼ਤਰ ਮਾਰਕਿਟ ਕਮੇਟੀ ਰਾਮਪੁਰਾ ਵਿਖੇ ਹੋਏ ਸਮਾਗਮ ਦੌਰਾਨ ਸ. ਕਾਂਗੜ ਨੇ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਭੇਂਟ ਕੀਤੇ। ਚੈਕ ਸੌਂਪਦੇ ਹੋਏ ਸ. ਕਾਂਗੜ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਉਨਾਂ ਮੌਕੇ ‘ਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਹੋਰ ਵਿਕਾਸ ਕਾਰਜ ਆਰੰਭੇ ਜਾ ਸਕਣ। ਸ. ਕਾਂਗੜ ਨੇ ਰਾਮਪੁਰਾ ਫੂਲ ਸ਼ਹਿਰ ਵਿਖੇ ਸਟੇਡੀਅਮ ਦੇ ਨਵੀਨੀਕਰਨ, ਨਹਿਰੀ ਕੱਸੀ ਤੋਂ ਟਰੈਕਟਰ ਏਜੰਸੀ ਤੱਕ ਮੈਟਲਡ ਰੋਡ ਦੀ ਉਸਾਰੀ ਦੇ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ।

          ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀਮਤੀ ਮਨਿੰਦਰ ਕੌਰ, ਉਪ ਜ਼ਿਲਾ ਸਿੱਖਿਆ ਅਫ਼ਸਰ ਸ. ਇੱਕਬਾਲ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ ਤੇ ਪੰਚ ਆਦਿ ਹਾਜ਼ਰ ਸਨ।