ਬੰਗਲੂਰੂ, 29 ਅਗਸਤ
ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਮਗਰੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸੂਰਜ ਦੇ ਅਧਿਐਨ ਲਈ ਭਾਰਤ ਦਾ ਪਹਿਲਾ ਸੋਲਰ ਮਿਸ਼ਨ ‘ਆਦਿੱਤਿਆ-ਐੱਲ1’ 2 ਸਤੰਬਰ ਨੂੰ 11 ਵਜ ਕੇ 50 ਮਿੰਟ ’ਤੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ। ਆਦਿੱਤਿਆ-ਐੱਲ ਪੁਲਾੜ ਵਾਹਨ ਨੂੰ ਸੋਲਰ ਕੋਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤ) ਦੇ ਦੂਰ-ਦੁਰਾਡੇ ਦੇ ਨਿਰੀਖਣ ਅਤੇ ਐੱਲ1 (ਸੂਰਜ-ਪ੍ਰਿਥਵੀ ਲੈਗਰੇਂਜ ਕੇਂਦਰ) ’ਤੇ ਸੋਲਰ ਹਵਾ ਦੀ ਪੜਤਾਲ ਲਈ ਤਿਆਰ ਕੀਤਾ ਗਿਆ ਹੈ ਜੋ ਪ੍ਰਿਥਵੀ ਤੋਂ 15 ਲੱਖ ਕਿਲੋਮੀਟਰ ਦੂਰ ਹੈ। ਨਾਸਾ ਮੁਤਾਬਕ ਲੈਗਰੇਂਜ ਪੁਆਇੰਟ ਦੀ ਵਰਤੋਂ ਪੁਲਾੜ ਵਾਹਨ ਵੱਲੋਂ ਲੋੜੀਂਦੇ ਈਂਧਣ ਦੀ ਖਪਤ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ। ਲੈਗਰੇਂਜ ਪੁਆਇੰਟ ਦਾ ਨਾਮ ਇਤਾਲਵੀ-ਫਰਾਂਸੀਸੀ ਗਣਿਤ ਮਾਹਿਰ ਜੋਸੇਫੀ-ਲੂਈ ਲੈਗਰੇਂਜ ਦੇ ਸਨਮਾਨ ’ਚ ਰੱਖਿਆ ਗਿਆ ਹੈ। ਪੁਲਾੜ ਏਜੰਸੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਦੱਸਿਆ ਕਿ ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਆਧਾਰਿਤ ਭਾਰਤੀ ਆਬਜ਼ਰਵੇਟਰੀ ਨੂੰ ਪੀਐੱਸਐੱਲਵੀ-ਸੀ57 ਰਾਕੇਟ ਰਾਹੀਂ ਦਾਗ਼ਿਆ ਜਾਵੇਗਾ। ਆਦਿੱਤਿਆ-ਐੱਲ1 ਮਿਸ਼ਨ ਦਾ ਟੀਚਾ ਐੱਲ1 ਨੇੜਲੇ ਪੰਧ ’ਤੇ ਸੂਰਜ ਦਾ ਅਧਿਐਨ ਕਰਨਾ ਹੈ। ਇਹ ਪੁਲਾੜ ਵਾਹਨ ਸੱਤ ਪੇਲੋਡ ਲੈ ਕੇ ਜਾਵੇਗਾ ਜੋ ਵੱਖੋ ਵੱਖਰੇ ਵੇਵ ਬੈਂਡ ’ਚ ਫੋਟੋਸਫ਼ੀਅਰ (ਪ੍ਰਕਾਸ਼ ਮੰਡਲ), ਕ੍ਰੋਮੋਸਫ਼ੀਅਰ (ਸੂਰਜ ਦੀ ਦਿਖਾਈ ਦੇਣ ਵਾਲੀ ਸਤਹਿ ਤੋਂ ਠੀਕ ਉਪਰਲੀ ਸਤਹਿ) ਅਤੇ ਸੂਰਜ ਦੀ ਸਭ ਤੋਂ ਬਾਹਰੀ ਪਰਤ (ਕੋਰੋਨਾ) ਦੀ ਪੜਤਾਲ ਕਰਨ ’ਚ ਮਦਦ ਕਰਨਗੇ।