ਹਰਜਿੰਦਰ ਚੌਥੀ ਜਮਾਤ ਵਿਚ ਪੜ੍ਹਦਾ ਸੀ। ਉਸ ਦੇ ਦੋ ਭਰਾ ਅਤੇ ਇਕ ਭੈਣ ਉਸ ਤੋਂ ਵੱਡੇ ਸਨ। ਉਸ ਤੋਂ ਵੱਡਾ ਭਰਾ ਮਨਦੀਪ ਸਿੰਘ ਛੇਵੀਂ ਜਮਾਤ ਵਿਚ ਪੜ੍ਹਦਾ ਸੀ। ਮਨਦੀਪ ਤੋਂ ਵੱਡਾ ਸੰਦੀਪ ਸਿੰਘ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ। ਸਭ ਤੋਂ ਵੱਡੀ ਵੀਰਪਾਲ ਕੌਰ ਸੀ ਜੋ ਨੌਵੀਂ ਜਮਾਤ ਵਿਚ ਪੜ੍ਹਦੀ ਸੀ। ਹਰਜਿੰਦਰ ਹੋਰੀਂ ਸਾਰੇ ਭੈਣ ਭਰਾ ਪੜ੍ਹਾਈ ਵਿਚ ਹੁਸ਼ਿਆਰ ਸਨ। ਉਹ ਸਕੂਲੋਂ ਆ ਕੇ ਪਹਿਲਾਂ ਆਪਣਾ ਸਕੂਲ ਦਾ ਕੰਮ ਕਰਦੇ ਫਿਰ ਮੁਹੱਲੇ ਵਿਚ ਖੇਡਣ ਜਾਂਦੇ। ਵੀਰਪਾਲ ਕੁੜੀਆਂ ਦੇ ਨਾਲ ਪੀਚੋ ਖੇਡਦੀ। ਮਨਦੀਪ ਅਤੇ ਸੰਦੀਪ ਕੁਝ ਵੀ ਖੇਡ ਲੈਂਦੇ, ਪਰ ਹਰਜਿੰਦਰ ਕੇਵਲ ਸਕੂਲੀ ਖੇਡਾਂ ਹੀ ਖੇਡਦਾ। ਜੇ ਕੋਈ ਕਬੱਡੀ, ਖੋ-ਖੋ, ਚਿੜੀ-ਬੱਲਾ, ਫੁੱਟਬਾਲ, ਰੱਸੀ ਟੱਪਣ ਜਾਂ ਦੌੜ ਲਗਾਉਣੀ ਆਦਿ ਨਾ ਖੇਡਦਾ ਤਾਂ ਉਹ ਇਕੱਲਾ ਭੱਜ ਕੇ ਦੌੜ ਦੀ ਤਿਆਰੀ ਕਰਦਾ ਰਹਿੰਦਾ।
ਮਾਤਾ-ਪਿਤਾ ਦਾ ਉਹ ਲਾਡਲਾ ਸੀ ਕਿਉਂਕਿ ਇਕ ਤਾਂ ਉਹ ਘਰ ਵਿਚ ਸਭ ਤੋਂ ਛੋਟਾ ਸੀ, ਦੂਜਾ ਉਹ ਆਪਣੇ ਮਾਪਿਆਂ ਅਤੇ ਅਧਿਆਪਕ ਦੀ ਹਰ ਕਹੀ ਹੋਈ ਗੱਲ ਨੂੰ ਮੰਨਦਾ ਸੀ। ਇਸ ਲਈ ਨਾ ਤਾਂ ਉਹ ਆਪਣੇ ਮਾਪਿਆਂ ਨੂੰ ਝੂਠ ਬੋਲਦਾ ਸੀ ਅਤੇ ਨਾ ਹੀ ਕੋਈ ਚਲਾਕੀ ਕਰਦਾ ਸੀ। ਉਸ ਦੇ ਮਾਤਾ-ਪਿਤਾ ਉਸ ਦੇ ਵਿਵਹਾਰ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਕਿ ਉਹ ਹਰੇਕ ਕੰਮ ਸਲੀਕੇ ਨਾਲ ਕਰਦਾ ਹੈ।
ਸਕੂਲ ਵਿਚ ਵੀ ਉਹ ਅਧਿਆਪਕਾਂ ਦਾ ਹਰਮਨ ਪਿਆਰਾ ਸੀ। ਉਹ ਆਪਣੀ ਜਮਾਤ ਦਾ ਮੌਨੀਟਰ ਵੀ ਸੀ। ਉਸ ਦੀ ਸਾਫ਼-ਸੁਥਰੀ ਵਰਦੀ, ਸਰੀਰ ਦੀ ਸਫ਼ਾਈ, ਸੁੰਦਰ ਲਿਖਾਈ, ਹਰ ਗਤੀਵਿਧੀ ਵਿਚ ਹਿੱਸਾ ਲੈਣਾ ਅਤੇ ਹਰ ਇਕ ਨਾਲ ਮਿਲਵਰਤਣ ਨੂੰ ਵੇਖ ਕੇ ਅਧਿਆਪਕ ਦੂਜੇ ਬੱਚਿਆਂ ਨੂੰ ਉਸ ਦੀਆਂ ਉਦਾਹਰਨਾਂ ਦਿੰਦੇ ਸਨ।
ਇਕ ਦਿਨ ਮੁੱਖ ਅਧਿਆਪਕ ਨੇ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਭਰਨ ਲਈ ਅਤੇ ਚੰਗੇ ਬਣਨ ਲਈ ਇਕ ਵਿਸ਼ੇਸ਼ ਸਨਮਾਨ ‘ਆਦਰਸ਼ ਵਿਦਿਆਰਥੀ’ ਦੇਣ ਦਾ ਐਲਾਨ ਕੀਤਾ। ਇਸ ਲਈ ਜਿਹੜੇ ਗੁਣਾਂ ਦੀਆਂ ਸ਼ਰਤਾਂ ਰੱਖੀਆਂ ਗਈਆਂ, ਉਹ ਸਾਰੇ ਹਰਿੰਦਰ ਸਿੰਘ ਵਿਚ ਸਨ। ਇਸ ਲਈ ਸਵੇਰੇ ਦੀ ਸਭਾ ਖ਼ਤਮ ਹੋਣ ਤੋਂ ਬਾਅਦ ਕਲਾਸਾਂ ਵਿਚ ਜਾ ਕੇ ਸਾਰਿਆਂ ਵਿਚ ਖੁਸਰ-ਫੁਸਰ ਸ਼ੁਰੂ ਹੋ ਗਈ। ਸਾਰਿਆਂ ਨੂੰ ਲੱਗ ਰਿਹਾ ਸੀ ਕਿ ਇਹ ਸਨਮਾਨ ਤਾਂ ਹਰਜਿੰਦਰ ਹੀ ਜਿੱਤ ਜਾਵੇਗਾ। ਇਸ ਲਈ ਕਈਆਂ ਵਿਦਿਆਰਥੀਆਂ ਨੇ ਤਾਂ ਪਹਿਲਾਂ ਹੀ ਹੌਸਲਾ ਛੱਡ ਦਿੱਤਾ ਸੀ।
ਸਮੇਂ ਦੇ ਬੀਤਣ ਨਾਲ ਕੁਝ ਲੜਾਈ ਦੀਆਂ ਘਟਨਾਵਾਂ ਨੇ ਹਰਜਿੰਦਰ ਨੂੰ ਬਦਨਾਮ ਕਰ ਦਿੱਤਾ। ਇਕ ਲੜਾਈ ਵਿਚ ਤਾਂ ਉਸ ਨੂੰ ਅਤੇ ਦੂਜੇ ਬੱਚੇ ਨੂੰ ਸੱਟਾਂ ਵੀ ਲੱਗੀਆਂ ਕਿਉਂਕਿ ਉਹ ਲੜਦੇ ਲੜਦੇ ਉੱਚੇ ਥੜ੍ਹੇ ਤੋਂ ਡਿੱਗ ਪਏ ਸਨ। ਹੁਣ ਬਾਕੀ ਬੱਚਿਆਂ ਨੂੰ ਜਿੱਤਣ ਦਾ ਹੌਸਲਾ ਹੋ ਗਿਆ। ਉਹ ਪੂਰੇ ਜੋਸ਼ ਨਾਲ ਸਾਰੀਆਂ ਗਤੀਵਿਧੀਆਂ ਵਿਚ ਭਾਗ ਲੈਣ ਲੱਗ ਪਏ। ਹਰਜਿੰਦਰ ਉਦਾਸ ਸੀ, ਪਰ ਉਸ ਨੇ ਵੀ ਹੌਸਲਾ ਨਹੀਂ ਸੀ ਛੱਡਿਆ।
ਸਾਲ ਦੇ ਅਖੀਰ ਸਕੂਲ ਵਿਚ ਇਕ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ‘ਆਦਰਸ਼ ਵਿਦਿਆਰਥੀ’ ਦੀ ਚੋਣ ਦਾ ਐਲਾਨ ਕੀਤਾ ਜਾਣਾ ਸੀ। ਫਿਰ ਉਸ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਤ ਕੀਤਾ ਜਾਣਾ ਸੀ। ਬਹੁਤ ਸਾਰੇ ਵਿਦਿਆਰਥੀਆਂ ਨੂੰ ਸਨਮਾਨਤ ਹੋਣ ਦੀ ਆਸ ਸੀ। ਪ੍ਰੋਗਰਾਮ ਦੇ ਅਖੀਰ ਵਿਚ ਸਕੂਲ ਮੁਖੀ ਨੇ ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ, ‘ਆਦਰਸ਼ ਵਿਦਿਆਰਥੀ ਦੀ ਪ੍ਰਤੀਯੋਗਤਾ ਜਿੱਤਣ ਲਈ ਸਕੂਲ ਦੇ ਤਕਰੀਬਨ ਸਾਰੇ ਸਿਖਿਆਰਥੀਆਂ ਨੇ ਦਿਲਚਸਪੀ ਵਿਖਾਈ। ਪੂਰੀ ਮਿਹਨਤ ਕੀਤੀ। ਮੈਨੂੰ ਅਤੇ ਮੇਰੇ ਸਟਾਫ ਨੂੰ ਇਸ ਗੱਲ ਦੀ ਖੁਸ਼ੀ ਹੈ, ਪਰ ਨਾਲ ਨਾਲ ਦੁੱਖ ਵੀ ਹੈ ਕਿ ਤੁਸੀਂ ਇਸ ਪ੍ਰਤੀਯੋਗਤਾ ਨੂੰ ਜਿੱਤਣ ਦਾ ਹੌਸਲਾ ਉਸ ਸਮੇਂ ਕੀਤਾ ਜਦੋਂ ਹੋਰ ਕੋਈ ਤਕੜਾ ਦਾਅਵੇਦਾਰ ਨਹੀਂ ਸੀ।
ਇਸ ਦੇ ਉਲਟ ਹਰਜਿੰਦਰ ਹੈ। ਜਿਸ ਦੇ ਜਿੱਤਣ ਦੀ ਕੋਈ ਆਸ ਨਹੀਂ ਰਹਿ ਗਈ ਸੀ। ਉੱਤੋਂ ਇਹ ਉਦਾਸ ਵੀ ਸੀ ਕਿਉਂਕਿ ਇਸ ਨੂੰ ਬੇਕਸੂਰ ਹੋਣ ’ਤੇ ਵੀ ਬਦਨਾਮ ਕਰ ਦਿੱਤਾ ਗਿਆ। ਸਾਨੂੰ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਹੈ। ਇਸ ਨੂੰ ਲੜਨ ਲਈ ਮਜਬੂਰ ਕੀਤਾ ਗਿਆ, ਪਰ ਇਸ ਨੇ ਹਾਰ ਨਹੀਂ ਮੰਨੀ। ਅਸਲ ਖਿਡਾਰੀ ਉਹ ਹੀ ਹੁੰਦਾ ਹੈ ਜੋ ਹਰ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਲੜੇ। ਇਸ ਲਈ ਆਦਰਸ਼ ਵਿਦਿਆਰਥੀ ਦੀ ਪ੍ਰਤੀਯੋਗਤਾ ਹਰਜਿੰਦਰ ਸਿੰਘ ਨੇ ਜਿੱਤ ਲਈ ਹੈ। ਹਰਜਿੰਦਰ ਸਿੰਘ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਤ ਕੀਤਾ ਗਿਆ।
ਸੁਖਦੀਪ ਸਿੰਘ ਗਿੱਲ