ਚੰਡੀਗੜ੍ਹ, 23 ਨਵੰਬਰ

ਪੰਜਾਬ ਵਿਜੀਲੈਂਸ ਬਿਊਰੋ ਨੇ ਆਟਾ-ਦਾਲ ਸਕੀਮ ਵਿੱਚ ਘੁਟਾਲੇ ਦੇ ਦੋਸ਼ ਹੇਠ ਪਨਸਪ ਦੇ ਜਨਰਲ ਮੈਨੇਜਰ ਨਵੀਨ ਕੁਮਾਰ ਗਰਗ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਘੁਟਾਲੇ ਦੀ ਜਾਂਚ ਦੌਰਾਨ ਪਤਾ ਚੱਲਿਆ ਕਿ ਸਾਲ 2015-16 ਵਿੱਚ ਆਟਾ-ਦਾਲ ਸਕੀਮ ਤਹਿਤ ਆਟੇ ਤੇ ਦਾਲ ਦੀ ਵੰਡ ਦੌਰਾਨ ਨਵੀਨ ਕੁਮਾਰ ਨੇ ਸਰਕਾਰੀ ਖ਼ਜ਼ਾਨੇ ਨੂੰ ਸਿੱਧੇ ਤੌਰ ’ਤੇ 2.20 ਕਰੋੜ ਰੁਪਏ ਦਾ ਖ਼ੋਰਾ ਲਾਇਆ ਹੈ। ਇਸੇ ਤਰ੍ਹਾਂ ਉਸ ’ਤੇ ਪਨਸਪ ਦੇ ਹੋਰ ਮੁਲਾਜ਼ਮਾਂ ਨਾਲ ਗੰਢ-ਤੁਪ ਕਰ ਕੇ 5.36 ਕਰੋੜ ਰੁਪਏ ਦਾ ਕਥਿਤ ਗਬਨ ਕਰਨ ਦਾ ਵੀ ਦੋਸ਼ ਹੈ। ਵਿਜੀਲੈਂਸ ਬਿਊਰੋ ਨੇ ਨਵੀਨ ਕੁਮਾਰ ਗਰਗ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 409, 420, 465, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਅਤੇ 13(2) ਤਹਿਤ ਕੇਸ ਦਰਜ ਕੀਤਾ ਹੈ।