ਨਵੀਂ ਦਿੱਲੀ, ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਦਾਅਵਾ ਕੀਤਾ ਹੈ ਕਿ ਕੌਮਾਂਤਰੀ ਕ੍ਰਿਕਟ ਕਰੀਅਰ ਦੇ ਆਖਰੀ ਪੜਾਅ ’ਚ ਟੀਮ ਪ੍ਰਬੰਧਨ ਨੇ ਉਸ ਨੂੰ ਨਿਰਾਸ਼ ਕੀਤਾ ਅਤੇ ਜੇਕਰ ਉਸ ਨੂੰ ਪੂਰੀ ਹਮਾਇਤ ਮਿਲੀ ਹੁੰਦੀ ਤਾਂ ਉਹ 2011 ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇੱਕ ਹੋਰ ਵਿਸ਼ਵ ਕੱਪ ਖੇਡ ਸਕਦਾ ਸੀ।
ਯੁਵਰਾਜ ਨੇ ਕਿਹਾ, ‘ਮੈਨੂੰ ਦੁੱਖ ਹੁੰਦਾ ਹੈ ਕਿ 2011 ਤੋਂ ਮੈਂ ਇੱਕ ਹੋਰ ਵਿਸ਼ਵ ਕੱਪ ਨਹੀਂ ਖੇਡ ਸਕਿਆ। ਟੀਮ ਪ੍ਰਬੰਧਨ ਅਤੇ ਇਸ ਨਾਲ ਜੁੜੇ ਲੋਕਾਂ ਤੋਂ ਮੈਨੂੰ ਮੁਸ਼ਕਲ ਨਾਲ ਹੀ ਕੋਈ ਸਹਿਯੋਗ ਮਿਲਿਆ। ਜੇਕਰ ਉਸ ਤਰ੍ਹਾਂ ਮੈਨੂੰ ਹਮਾਇਤ ਮਿਲਦੀ ਤਾਂ ਸ਼ਾਇਦ ਮੈਂ ਇੱਕ ਹੋਰ ਵਿਸ਼ਵ ਕੱਪ ਖੇਡ ਲੈਂਦਾ।’ ਉਨ੍ਹਾਂ ਕਿਹਾ, ‘ਮੈਂ ਜਿੰਨਾ ਵੀ ਕ੍ਰਿਕਟ ਖੇਡਿਆ, ਉਹ ਆਪਣੇ ਦਮ ’ਤੇ ਖੇਡਿਆ। ਮੇਰਾ ਕੋਈ ਗੌਡਫਾਦਰ ਨਹੀਂ ਸੀ।’ ਯੁਵਰਾਜ ਨੇ ਕਿਹਾ ਕਿ ਫਿਟਨੈੱਸ ਲਈ ਲਾਜ਼ਮੀ ‘ਯੋ-ਯੋ ਟੈਸਟ’ ਪਾਸ ਕਰਨ ਦੇ ਬਾਵਜੂਦ ਉਸ ਨੂੰ ਅਣਗੌਲਿਆ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਟੀਮ ਪ੍ਰਬੰਧਨ ਨੂੰ ਉਸ ਤੋਂ ਖਹਿੜਾ ਛੁਡਵਾਉਣ ਦੀ ਥਾਂ ਉਸ ਦੇ ਕਰੀਅਰ ਬਾਰੇ ਸਪੱਸ਼ਟ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ, ‘ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਨੂੰ 2017 ਚੈਂਪੀਅਨਜ਼ ਟਰਾਫੀ ਮਗਰੋਂ ਅੱਠ ਤੋਂ ਨੌਂ ਮੈਚਾਂ ਵਿੱਚੋਂ ਦੋ ਵਾਰ ਮੈਨ ਆਫ ਦਿ ਮੈਚ ਚੁਣੇ ਜਾਣ ਤੋਂ ਬਾਅਦ ਟੀਮ ਤੋਂ ਬਾਹਰ ਕਰ ਦਿੱਤਾ ਜਾਵੇਗਾ। ਮੈਂ ਜ਼ਖ਼ਮੀ ਹੋ ਗਿਆ ਅਤੇ ਮੈਨੂੰ ਸ੍ਰੀਲੰਕਾ ਲੜੀ ਦੀ ਤਿਆਰੀ ਕਰਨ ਲਈ ਕਿਹਾ ਗਿਆ। ਅਚਾਨਕ ਮੈਨੂੰ ਵਾਪਸ ਆਉਣ ਪਿਆ ਅਤੇ 36 ਸਾਲ ਦੀ ਉਮਰ ਵਿੱਚ ਯੋ-ਯੋ ਟੈਸਟ ਦੀ ਤਿਆਰੀ ਕਰਨੀ ਪਈ। ਇੱਥੋਂ ਤੱਕ ਕਿ ਯੋ ਯੋ ਟੈਸਟ ਪਾਸ ਕਰਨ ਮਗਰੋਂ ਮੈਨੂੰ ਘਰੇਲੂ ਕ੍ਰਿਕਟ ਖੇਡਣ ਲਈ ਕਿਹਾ ਗਿਆ। ਉਨ੍ਹਾਂ ਨੂੰ ਅਜਿਹਾ ਲਗਦਾ ਸੀ ਕਿ ਮੈਂ ਇਸ ਉਮਰ ’ਚ ਟੈਸਟ ਪਾਸ ਨਹੀਂ ਕਰ ਸਕਾਂਗਾ। ਇਸ ਲਈ ਉਨ੍ਹਾਂ ਨੂੰ ਮੈਨੂੰ ਬਾਹਰ ਕਰਨ ’ਚ ਅਸਾਨੀ ਹੋ ਜਾਂਦੀ।’ ਉਸ ਨੇ ਕਿਹਾ ਕਿ ਜਿਸ ਖਿਡਾਰੀ ਨੇ 15-16 ਸਾਲ ਕੌਮਾਂਤਰੀ ਕ੍ਰਿਕਟ ਖੇਡੀ ਹੋਵੇ ਉਸ ਨਾਲ ਬੈਠ ਕੇ ਗੱਲ ਕੀਤੀ ਜਾਣੀ ਚਾਹੀਦੀ ਸੀ ਪਰ ਕਿਸੇ ਨੇ ਵੀ ਉਸ ਨੂੰ ਕੁਝ ਨਹੀਂ ਕਿਹਾ। ਇਸ ਦੇ ਬਾਵਜੂਦ ਉਸ ਨੂੰ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਸਮੇਂ ਨੂੰ ਲੈ ਕੇ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ, ‘ਜੇਕਰ ਮੈਨੂੰ ਭਾਰਤ ਤੋਂ ਬਾਹਰ ਲੀਗ ਖੇਡਣੀ ਸੀ ਤਾਂ ਸੰਨਿਆਸ ਲੈਣਾ ਪੈਣਾ ਸੀ ਤਾਂ ਮੈਂ ਸੋਚਿਆ ਕਿ ਸੰਨਿਆਸ ਲਈ ਇਹੀ ਸਹੀ ਸਮਾਂ ਹੋਵੇਗਾ। ਚੀਜ਼ਾਂ ਸਹੀ ਦਿਸ਼ਾ ’ਚ ਅੱਗੇ ਨਹੀਂ ਵੱਧ ਰਹੀਆਂ ਸੀ ਇਸ ਲਈ ਮੈਂ ਸੋਚਿਆ ਕਿ ਨੌਜਵਾਨਾਂ ਲਈ ਟੀਮ ਨੂੰ ਅੱਗੇ ਵਧਾਉਣ ਦਾ ਇਹ ਸਹੀ ਸਮਾਂ ਹੈ।