ਓਟਵਾ, 3 ਮਾਰਚ :- ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਕੋਵਿਡ-19 ਵੈਕਸੀਨ ਦੀਆਂ ਪਹਿਲੀਆਂ ਡੋਜ਼ਾਂ ਬੁੱਧਵਾਰ ਨੂੰ ਕੈਨੇਡਾ ਪਹੁੰਚਣ ਦੀ ਸੰਭਾਵਨਾ ਹੈ। ਪਰ ਇਸ ਵੈਕਸੀਨ ਨੂੰ ਲੈ ਕੇ ਇੱਕ ਭੰਬਲਭੂਸਾ ਅਜੇ ਵੀ ਬਣਿਆ ਹੋਇਆ ਹੈ ਕਿ ਇਸ ਵੈਕਸੀਨ ਦਾ ਸ਼ੌਟ ਕਿਸ ਨੂੰ ਲਾਇਆ ਜਾਵੇਗਾ।
ਕੈਨੇਡਾ ਨੂੰ ਇਸ ਵੈਕਸੀਨ ਦੀਆਂ 500,000 ਡੋਜ਼ਾਂ ਹਾਸਲ ਹੋਣਗੀਆਂ। ਭਾਰਤ ਦੇ ਸੀਰਮ ਇੰਸਟੀਚਿਊਟ ਵਿੱਚ ਤਿਆਰ ਕੀਤੀ ਜਾਣ ਵਾਲੀ ਕੈਨੇਡਾ ਵਿੱਚ ਮਨਜ਼ੂਰ ਕੀਤੀ ਗਈ ਇਹ ਤੀਜੀ ਵੈਕਸੀਨ ਬਣ ਗਈ ਹੈ।ਇਸ ਦੀ ਵਰਤੋਂ ਨੂੰ ਲੈ ਕੇ ਵਿਵਾਦਪੂਰਣ ਸੇਧ ਕਾਰਨ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵੈਕਸੀਨ ਆਖਿਰਕਾਰ ਕਿਸ ਨੂੰ ਦਿੱ਼ਤੀ ਜਾਵੇਗੀ।ਪਿਛਲੇ ਹਫਤੇ ਹੈਲਥ ਕੈਨੇਡਾ ਨੇ ਸਾਰੇ ਬਾਲਗ ਕੈਨੇਡੀਅਨਾਂ ਉੱਤੇ ਇਸ ਦੀ ਵਰਤੋਂ ਲਈ ਹਰੀ ਝੰਡੀ ਦਿੱਤੀ ਸੀ ਪਰ ਮੰਗਲਵਾਰ ਨੂੰ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇ਼ਸ਼ਨ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਵੈਕਸੀਨ ਨਾ ਦਿੱਤੀ ਜਾਵੇ।
ਕਮੇਟੀ ਨੇ ਆਖਿਆ ਕਿ ਸੀਨੀਅਰਜ਼ ਲਈ ਆਕਸਫੋਰਡ-ਐਸਟ੍ਰਾਜ਼ੈਨੇਕਾ ਕਿੰਨੀ ਕੁ ਪ੍ਰਭਾਵਿਤ ਹੈ ਇਸ ਲਈ ਕਲੀਨਿਕਲ ਟ੍ਰਾਇਲਜ਼ ਦਾ ਬਹੁਤ ਹੀ ਸੀਮਤ ਡਾਟਾ ਉਪਲਬੱਧ ਹੈ। ਕਮੇਟੀ ਵੱਲੋਂ ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਸੀਨੀਅਰਜ਼ ਦੇ ਟੀਕਾਕਰਣ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ ਤੇ ਪਹਿਲ ਦੇ ਆਧਾਰ ਉੱਤੇ ਫਾਈਜ਼ਰ-ਬਾਇਓਐਨਟੈਕ ਅਤੇ ਮੌਡਰਨਾ ਵੈਕਸੀਨ ਹੀ ਉਨ੍ਹਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
ਹੈਲਥ ਕੈਨੇਡਾ ਤੇ ਕਮੇਟੀ ਦੋਵੇਂ ਹੀ ਇਹ ਗੱਲ ਜ਼ੋਰ ਦੇ ਕੇ ਆਖ ਚੁੱਕੇ ਹਨ ਕਿ ਕਲੀਨਿਕਲ ਅਧਿਐਨ ਦੌਰਾਨ ਇਸ ਵੈਕਸੀਨ ਦੀ ਸੇਫਟੀ ਨੂੰ ਲੈ ਕੇ ਕੋਈ ਚਿੰਤਾ ਵਾਲੀ ਗੱਲ ਨਹੀਂ ਉਭਰੀ ਤੇ ਨਾ ਹੀ ਹੋਰਨਾਂ ਦੇਸ਼ਾਂ ਵਿੱਚ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦਾ ਸ਼ੌਟ ਲਵਾ ਚੁੱਕੇ ਕਈ ਮਿਲੀਅਨ ਬਜੁ਼ਰਗਾਂ ਨੂੰ ਹੀ ਕੋਈ ਦਿੱਕਤ ਆਈ ਹੈ।