ਓਟਵਾ, 23 ਜੂਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜੇ ਵੈਕਸੀਨੇਸ਼ਨ ਵਿੱਚ ਵਾਧਾ ਹੁੰਦਾ ਹੈ ਤੇ ਕੋਵਿਡ-19 ਦੇ ਮਾਮਲਿਆਂ ਵਿੱਚ ਇਸੇ ਤਰ੍ਹਾਂ ਕਮੀ ਆਉਣੀ ਜਾਰੀ ਰਹਿੰਦੀ ਹੈ ਤਾਂ ਜਲਦ ਹੀ ਟਰੈਵਲ ਸਬੰਧੀ ਹੋਰ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਜਾਵੇਗੀ।
ਟਰੂਡੋ ਵੱਲੋਂ ਇਹ ਟਿੱਪਣੀ ਉਸ ਸਮੇਂ ਕੀਤੀ ਗਈ ਜਦੋਂ ਫੈਡਰਲ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ 5 ਜੁਲਾਈ ਤੋਂ ਪ੍ਰਭਾਵੀ ਹੋ ਕੇ ਪੂਰੀ ਤਰ੍ਹਾਂ ਇਮਿਊਨਾਈਜ਼ਡ ਕੈਨੇਡੀਅਨਜ਼ ਟਰੈਵਲ ਤੋਂ ਬਾਅਦ ਦੇਸ਼ ਪਰਤ ਸਕਣਗੇ ਤੇ ਉਨ੍ਹਾਂ ਨੂੰ 14 ਦਿਨਾਂ ਲਈ ਸੈਲਫ ਆਈਸੋਲੇਟ ਵੀ ਨਹੀਂ ਕਰਨਾ ਹੋਵੇਗਾ, ਉਨ੍ਹਾਂ ਨੂੰ ਅੱਠਵੇਂ ਦਿਨ ਟੈਸਟ ਕਰਵਾਉਣਾ ਹੋਵੇਗਾ ਜਾਂ ਫਿਰ ਕੈਨੇਡਾ ਪਹੁੰਚਣ ਉੱਤੇ ਸਰਕਾਰ ਵੱਲੋਂ ਨਿਰਧਾਰਤ ਹੋਟਲਾਂ ਵਿੱਚੋਂ ਕਿਸੇ ਇੱਕ ਵਿੱਚ ਰਹਿਣਾ ਹੋਵੇਗਾ।
ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੂਡੋ ਨੇ ਆਖਿਆ ਕਿ ਅਸੀਂ ਹੌਲੀ ਹੌਲੀ ਤੇ ਸੇਫ ਰੀਓਪਨਿੰਗ ਸਬੰਧੀ ਆਪਣੇ ਪਲੈਨ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਸਰਕਾਰ ਤੇ ਸਿਹਤ ਅਧਿਕਾਰੀਆਂ ਵੱਲੋਂ ਵੇਰੀਐਂਟਸ ਆਫ ਕਨਸਰਨ ਉੱਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ, ਇਸ ਵਿੱਚ ਡੈਲਟਾ ਵੇਰੀਐਂਟ ਵੀ ਸ਼ਾਮਲ ਹੈ ਤੇ ਸੱਭ ਤੋਂ ਪਹਿਲਾਂ ਇਹ ਭਾਰਤ ਵਿੱਚ ਮਿਲਿਆ ਸੀ।
ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਕੈਨੇਡਾ ਵਿੱਚ ਕਿਸ ਤਰ੍ਹਾਂ ਦੇ ਵੇਰੀਐਂਟਸ ਆਫ ਕਨਸਰਨ ਮੌਜੂਦ ਹਨ ਤੇ ਇਸ ਦੇ ਨਾਲ ਹੀ ਦੁਨੀਆ ਭਰ ਵਿੱਚ ਜੋ ਹਾਲਾਤ ਇਸ ਸਮੇਂ ਚੱਲ ਰਹੇ ਹਨ ਉਨ੍ਹਾਂ ਦਾ ਵੀ ਧਿਆਨ ਰੱਖਣਾ ਹੋਵੇਗਾ। ਉਨ੍ਹਾਂ ਆਖਿਆ ਕਿ ਸਾਨੂੰ ਫੂਕ ਫੂਕ ਕੇ ਕਦਮ ਰੱਖਣ ਦੀ ਲੋੜ ਹੈ। ਸਾਨੂੰ ਪੂਰੀ ਜਿ਼ੰਮੇਵਾਰੀ ਤੋਂ ਕੰਮ ਲੈਣਾ ਹੋਵੇਗਾ। ਅਸੀਂ ਸਾਰੇ ਹੀ ਜਲਦ ਤੋਂਂ ਜਲਦ ਆਮ ਵਰਗੇ ਹਾਲਾਤ ਚਾਹੁੰਦੇ ਹਾਂ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਜਿਹੜਾ ਵੀ ਕਦਮ ਚੁੱਕਿਆ ਜਾਵੇ ਉਹ ਕੈਨੇਡੀਅਨਾਂ ਲਈ ਸੇਫ ਹੋਵੇ।