ਦੁਬਈ, 30 ਜਨਵਰੀ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਆਸਟਰੇਲੀਆ ਵਿੱਚ ਅਗਲੇ ਸਾਲ ਹੋਣ ਵਾਲੇ ਮਹਿਲਾ ਅਤੇ ਪੁਰਸ਼ ਟੀ-20 ਵਿਸ਼ਵ ਕੱਪ 2020 ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਨੂੰ ਗਰੁੱਪ ਦੋ ਵਿੱਚ ਇੰਗਲੈਂਡ, ਦੱਖਣੀ ਅਫਰੀਕਾ, ਅਫ਼ਗਾਨਿਸਤਾਨ ਅਤੇ ਦੋ ਕੁਆਲੀਫਾਇਰਾਂ ਨਾਲ ਰੱਖਿਆ ਗਿਆ ਹੈ। ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਕਰੇਗਾ। ਜਦੋਂਕਿ ਭਾਰਤੀ ਮਹਿਲਾ ਟੀਮ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਉਹ ਮੌਜੂਦਾ ਚੈਂਪੀਅਨ ਆਸਟਰੇਲੀਆ ਨਾਲ ਭਿੜੇਗੀ। ਭਾਰਤੀ ਮਹਿਲਾ ਟੀਮ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਆਸਟਰੇਲੀਆ, ਸ੍ਰੀਲੰਕਾ, ਨਿਊਜ਼ੀਲੈਂਡ ਅਤੇ ਕੁਆਲੀਫਾਇਰ 1 ਹਨ। ਭਾਰਤੀ ਮਹਿਲਾ ਕ੍ਰਿਕਟ ਟੀਮ 21 ਫਰਵਰੀ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਨਾਲ ਭਿੜੇਗੀ। ਮਹਿਲਾ ਟੀ-20 ਵਿਸ਼ਵ ਕੱਪ ਅਗਲੇ ਸਾਲ 21 ਫਰਵਰੀ ਤੋਂ ਅੱਠ ਮਾਰਚ ਤੱਕ ਖੇਡਿਆ ਜਾਵੇਗਾ। ਅਭਿਆਸ ਮੈਚ 15 ਤੋਂ 20 ਫਰਵਰੀ ਤੱਕ ਐਡੀਲੇਡ ਅਤੇ ਬ੍ਰਿਸਬਨ ਵਿੱਚ ਖੇਡੇ ਜਾਣਗੇ। ਟੂਰਨਾਮੈਂਟ ਸਿਡਨੀ, ਕੈਨਬਰਾ, ਪਰਥ ਅਤੇ ਮੈਲਬਰਨ ਵਿੱਚ ਹੋਵੇਗਾ। ਮੇਜ਼ਬਾਨ ਟੀਮ ਨਾਲ ਖੇਡਣ ਮਗਰੋਂ ਭਾਰਤੀ ਟੀਮ 24 ਫਰਵਰੀ ਨੂੰ ਪਰਥ ਵਿੱਚ ਕੁਆਲੀਫਾਇਰ ਨਾਲ ਖੇਡੇਗੀ। ਇਸ ਮਗਰੋਂ 27 ਫਰਵਰੀ ਨੂੰ ਮੈਲਬਰਨ ਵਿੱਚ ਨਿਊਜ਼ੀਲੈਂਡ ਨਾਲ ਖੇਡਣਾ ਹੈ। ਇਸੇ ਮੈਦਾਨ ’ਤੇ ਭਾਰਤ ਨੂੰ ਆਖ਼ਰੀ ਰਾਊਂਡ ਰੌਬਿਨ ਮੈਚ ਸ੍ਰੀਲੰਕਾ ਨਾਲ ਖੇਡਣਾ ਹੈ। ਸੈਮੀ ਫਾਈਨਲ ਪੰਜ ਮਾਰਚ ਨੂੰ ਅਤੇ ਫਾਈਨਲ ਅੱਠ ਮਾਰਚ ਨੂੰ ਕ੍ਰਮਵਾਰ ਸਿਡਨੀ ਅਤੇ ਮੈਲਬਰਨ ਵਿੱਚ ਖੇਡੇ ਜਾਣਗੇ।
ਦੂਜੇ ਪਾਸੇ, ਸਾਬਕਾ ਚੈਂਪੀਅਨ ਭਾਰਤ ਦਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨਾਲ ਹੋਵੇਗਾ। ਭਾਰਤ ਨੇ ਪਹਿਲਾ ਮੈਚ ਪਰਥ ਵਿੱਚ 24 ਅਕਤੂਬਰ ਨੂੰ ਖੇਡਣਾ ਹੈ, ਜਦਕਿ ਟੂਰਨਾਮੈਂਟ 18 ਅਕਤੂਬਰ ਤੋਂ ਸ਼ੁਰੂ ਹੋਵੇਗਾ, ਉਦੋਂ ਹੀ ਕੁਆਲੀਫਾਈਂਗ ਮੁਕਾਬਲੇ ਖੇਡੇ ਜਾਣਗੇ। ਪਿਛਲੀ ਵਾਰ 2016 ਵਿੱਚ ਵੈਸਟ ਇੰਡੀਜ਼ ਤੋਂ ਸੈਮੀ ਫਾਈਨਲ ਵਿੱਚ ਹਾਰੀ ਭਾਰਤੀ ਟੀਮ 29 ਅਕਤੂਬਰ ਨੂੰ ਅਗਲੇ ਸੁਪਰ 12 ਮੈਚ ਵਿੱਚ ਕਿਸੇ ਇੱਕ ਕੁਆਲੀਫਾਇਰ ਨਾਲ ਖੇਡੇਗੀ। ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ ਤੱਕ ਚੱਲੇਗਾ। ਇਸ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਆਸਟਰੇਲੀਆ ਦਾ ਸਾਹਮਣਾ 24 ਅਕਤੂਬਰ ਨੂੰ ਸਿਡਨੀ ਵਿੱਚ ਦੁਨੀਆਂ ਦੀ ਨੰਬਰ ਇੱਕ ਟੀਮ ਪਾਕਿਸਤਾਨ ਨਾਲ ਹੋਵੇਗਾ। ਮੌਜੂਦਾ ਚੈਂਪੀਅਨ ਵੈਸਟ ਇੰਡੀਜ਼ ਪਹਿਲਾ ਸੁਪਰ 12 ਗਰੁੱਪ ਮੈਚ ਨਿਊਜ਼ੀਲੈਂਡ ਨਾਲ 25 ਅਕਤੂਬਰ ਨੂੰ ਮੈਲਬਰਨ ਵਿੱਚ ਖੇਡੇਗਾ। ਪਹਿਲਾ ਸੈਮੀ ਫਾਈਨਲ ਐੱਸਸੀਜੀ ’ਤੇ 11 ਨਵੰਬਰ ਨੂੰ ਅਤੇ ਦੂਜਾ ਉਸੇ ਦਿਨ ਐਡੀਲੇਡ ਓਵਲ ’ਤੇ ਖੇਡਿਆ ਜਾਵੇਗਾ। ਫਾਈਨਲ 15 ਨਵੰਬਰ ਨੂੰ ਐੱਮਸੀਜੀ ’ਤੇ ਹੋਵੇਗਾ।