ਦੁਬਈ, 1 ਸਤੰਬਰ

ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਟੈਸਟ ਖਿਡਾਰੀਆਂ ਦੀ ਤਾਜ਼ਾ ਰੈਕਿੰਗ ਵਿੱਚ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ ਤੇ ਉਸ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੇ ਟੀਮ ਇੰਡੀਆ ਦਾ ਸਿਖਰਲਾ ਖਿਡਾਰੀ ਬਣ ਗਿਆ ਹੈ।। ਇੰਗਲੈਂਡ ਖ਼ਿਲਾਫ਼ ਹਾਲ ਹੀ ਵਿੱਚ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ ਰਾਹੁਲ ਵੱਲੋਂ ਬਣਾਏ ਗਏ 19 ਤੇ 59 ਦੌੜਾਂ ਦੇ ਸਕੋਰ ਨੇ ਉਸ ਦੀ ਰੈਕਿੰਗ ਨੂੰ ਇਕ ਥਾਂ ਉਪਰ ਲਿਜਾਂਦਿਆਂ ਉਸ ਦੇ ਕਰੀਅਰ ਦੀ ਸਰਬੋਤਮ ਪੰਜਵੀਂ ਪੁਜ਼ੀਸ਼ਨ ’ਤੇ ਪਹੁੰਚਾ ਦਿੱਤਾ ਹੈ। ਉਸ ਦੇ ਕੋਹਲੀ ਨਾਲੋਂ ਸੱਤ ਰੇਟਿੰਗ ਪੁਆਇੰਟ ਵਧ ਹਨ। ਇਸੇ ਤਰ੍ਹਾਂ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਰੈਕਿੰਗ ਵੀ ਇਕ ਨੰਬਰ ਉਪਰ ਹੋਈ ਹੈ ਤੇ ਉਹ 10ਵੇਂ ਨੰਬਰ ਤੋਂ 9ਵੇਂ ਨੰਬਰ ’ਤੇ ਆ ਗਿਆ ਹੈ ਜਦੋਂਕਿ ਸਪਿੰਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਦੀ ਤਾਜ਼ਾ ਰੈਕਿੰਗ ਵਿੱਚ ਦੂਸਰੀ ਪੁਜ਼ੀਸ਼ਨ ’ਤੇ ਕਾਇਮ ਹੈ।