ਦੁਬਈ, ਭਾਰਤ ਦਾ ਰਵਿੰਦਰ ਜਡੇਜਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਪਛਾੜ ਕੇ ਆਈਸੀਸੀ ’ਚ ਆਲਰਾਊਂਡਰਾਂ ਦੀ ਸੂਚੀ ’ਚ ਸਿਖਰ ’ਤੇ ਪਹੁੰਚ ਗਿਆ ਹੈ ਜਦਕਿ ਉਸ ਨੇ ਗੇਂਦਬਾਜ਼ਾਂ ਦੀ ਸੂਚੀ ’ਚ ਆਪਣਾ ਨੰਬਰ ਇੱਕ ਸਥਾਨ ਬਰਕਰਾਰ ਰੱਖਿਆ ਹੈ। ਜਡੇਜਾ ਦੇ ਹੁਣ ਆਲਰਾਊਂਡਰਾਂ ਦੀ ਸੂਚੀ ’ਚ 438 ਅੰਕ ਹਨ ਜਦਕਿ ਸ਼ਾਕਿਬ ਦੇ 431 ਅੰਕ ਹਨ।
ਸ੍ਰੀਲੰਕਾ ਖ਼ਿਲਾਫ਼ ਕੋਲੰਬੋ ਟੈਸਟ ਮੈਚ ’ਚ ਸੈਂਕੜਾ ਜੜਨ ਵਾਲਾ ਚੇਤੇਸ਼ਵਰ ਪੁਜਾਰਾ (888 ਅੰਕ) ਬੱਲੇਬਾਜ਼ਾਂ ਦੀ ਸੂਚੀ ’ਚ ਇੱਕ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ (813 ਅੰਕ) ਪੰਜਵੇਂ ਸਥਾਨ ’ਤੇ ਬਣਿਆ ਹੋਇਆ ਹੈ। ਸਟੀਵ ਸਮਿੱਥ ਅਤੇ ਜੋਅ ਰੂਟ ਹੁਣ ਵੀ ਬੱਲੇਬਾਜ਼ਾਂ ਦੀ ਸੂਚੀ ’ਚ ਪਹਿਲੇ ਤੇ ਦੂਜੇ ਸਥਾਨ ’ਤੇ ਬਣੇ ਹੋਏ ਹਨ। ਅਜਿੰਕਿਆ ਰਹਾਣੇ (776 ਅੰਕ) ਨੂੰ ਸੈਂਕੜਾ ਬਣਾਉਣ ਦਾ ਫਾਇਦਾ ਮਿਲਿਆ ਹੈ ਅਤੇ ਉਹ ਪੰਜ ਸਥਾਨ ਅੱਗੇ ਵੱਧ ਕੇ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸਲਾਮੀ ਬੱਲੇਬਾਜ਼ ਕੇਐਲ ਰਾਹੁਲ 737 ਅੰਕਾਂ ਨਾਲ 11ਵੇਂ ਸਥਾਨ ’ਤੇ ਹੈ। ਇਤਫਾਕ ਨਾਲ ਜਡੇਜਾ ਨੇ ਜਿਸ ਮੈਚ ’ਚ ਚੰਗੇ ਪ੍ਰਦਰਸ਼ਨ ਰਾਹੀਂ ਆਲਰਾਊਂਡਰਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਬਣਾਇਆ ਹੈ, ਉਸੇ ਮੈਚ ’ਚ ਆਈਸੀਸੀ ਦੇ ਨਿਯਮਾਂ ਦੀ ਉਲੰਘਣਾ ਕਾਰਨ ਉਸ ’ਤੇ ਇੱਕ ਟੈਸਟ ਮੈਚ ਦੀ ਪਾਬੰਦੀ ਲਾਈ ਗਈ ਹੈ।
ਕੋਲੰਬੋਲ ’ਚ ਹਾਲ ਹੀ ’ਚ ਮੁਕੰਮਲ ਹੋਏ ਦੂਜੇ ਟੈਸਟ ਮੈਚ ’ਚ ਭਾਰਤ ਨੇ ਪਾਰੀ ਅਤੇ 53 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਜਡੇਜਾ ਨੇ ਨਾਬਾਦ 70 ਦੌੜਾਂ ਬਣਾਉਣ ਤੋਂ ਇਲਾਵਾ ਸੱਤ ਵਿਕਟਾਂ ਵੀ ਹਾਸਲ ਕੀਤੀਆਂ। ਉਸ ਨੇ ਦੂਜੀ ਪਾਰੀ ’ਚ ਪੰਜ ਵਿਕਟਾਂ ਹਾਸਲ ਕੀਤੀਆਂ ਸਨ। ਜਡੇਜਾ ਬੱਲੇਬਾਜ਼ਾਂ ਦੀ ਸੂਚੀ ’ਚ ਨੌਂ ਸਥਾਨ ਉੱਪਰ 51ਵੇਂ ਸਥਾਨ ’ਤੇ ਹੈ ਜਦਕਿ ਭਾਰਤੀ ਵਿਕਟ ਕੀਪਰ ਰਿੱਧੀਮਾਨ ਸਾਹਾ ਚਾਰ ਸਥਾਨ ਦੇ ਫਾਇਦੇ ਨਾਲ 44ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜੋ ਉਸ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਹੈ।
ਗੇਂਦਬਾਜ਼ਾਂ ਦੀ ਸੂਚੀ ’ਚ ਰਵੀਚੰਦਰਨ ਅਸ਼ਵਿਨ (842 ਅੰਕ) ਇੱਕ ਪਾਇਦਾਨ ਹੇਠਾ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਜਦਕਿ ਜਡੇਜਾ ਤੋਂ ਇੱਕ ਸਥਾਨ ਹੇਠਾਂ ਜਿੰਮੀ ਐਂਡਰਸਨ ਦੂਜੇ ਸਥਾਨ ’ਤੇ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 20ਵੇਂ ਅਤੇ ਉਮੇਸ਼ ਯਾਦਵ 22ਵੇਂ ਸਥਾਨ ’ਤੇ ਪਹੁੰਚ ਗਏ ਹਨ।
ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਬੱਲੇਬਾਜ਼ਾਂ ਦੀ ਸੂਚੀ ’ਚ 21ਵੇਂ, ਗੇਂਦਬਾਜ਼ਾਂ ਦੀ ਸੂਚੀ ’ਚ 18ਵੇਂ ਅਤੇ ਆਲਰਾਉਂਡਰਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਚਾਰ ਟੈਸਟ ਮੈਚਾਂ ਦੀ ਲੜੀ ’ਚ 250 ਬਣਾਉਣ ਤੇ 25 ਵਿਕਟਾਂ ਲੈਣ ਵਾਲਾ ਉਹ ਪਹਿਲਾ ਕ੍ਰਿਕਟਰ ਹੈ।