ਦੁਬਈ:ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ਦੀ ਬੱਲੇਬਾਜ਼ਾਂ ਦੀ ਸੂਚੀ ਵਿਚ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਪੰਜਵੇਂ ਸਥਾਨ ’ਤੇ ਖਿਸਕਾ ਦਿੱਤਾ ਹੈ ਤੇ ਰੂਟ ਦੋ ਦਰਜੇ ਉੱਪਰ ਤੀਜੇ ਸਥਾਨ ’ਤੇ ਪੁੱਜ ਗਿਆ ਹੈ। ਜਸਪਰੀਤ ਬੁਮਰਾਹ ਅਤੇ ਆਰ ਅਸ਼ਵਿਨ ਵੀ ਗੇਂਦਬਾਜ਼ਾਂ ਦੀ ਸੂਚੀ ਵਿਚ ਉੱਪਰ ਵੱਲ ਵਧੇ ਹਨ। ਇੰਗਲੈਂਡ ਖ਼ਿਲਾਫ਼ ਸ਼ੁਰੂਆਤੀ ਟੈਸਟ ਵਿਚ 11 ਅਤੇ 72 ਦੌੜਾਂ ਦੀ ਪਾਰੀ ਖੇਡਣ ਵਾਲੇ ਕੋਹਲੀ ਦੇ 852 ਅੰਕ ਹਨ ਤੇ ਬੁੱੱਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਉਹ ਇੱਕ ਸਥਾਨ ਹੇਠਾਂ ਖਿਸਕ ਗਿਆ ਹੈ। ਅਨੁਭਵੀ ਸਪਿਨਰ ਅਸ਼ਵਿਨ ਅਤੇ ਤੇਜ਼ ਗੇਂਦਬਾਜ਼ ਬੁਮਰਾਹ ਇੱਕ-ਇੱਕ ਦਰਜੇ ਦੇ ਸੁਧਾਰ ਨਾਲ ਕ੍ਰਮਵਾਰ ਸੱਤਵੇਂ ਤੇ ਅੱਠਵੇਂ ਸਥਾਨ ’ਤੇ ਪੁੱਜ ਗਏ ਹਨ। ਰੂਟ ਨੇ ਚੇਨੱਈ ਵਿਚ 227 ਦੌੜਾਂ ਨਾਲ ਯਾਦਗਾਰੀ ਜਿੱਤ ਵਿਚ ਆਪਣੀ ਟੀਮ ਦੀ ਮਦਦ ਕੀਤੀ। ਉਸ ਦੇ 883 ਅੰਕ ਹਨ। ਰਿਸ਼ਭ ਪੰਤ ਪਹਿਲੀ ਪਾਰੀ ਵਿਚ 91 ਦੌੜਾਂ ਬਣਾ ਕੇ 700 ਰੇਟਿੰਗ ਤਕ ਪੁੱਜਣ ਵਾਲਾ ਮੁਲਕ ਦਾ ਪਹਿਲਾ ਫੁਲ ਟਾਈਮ ਵਿਕਟਕੀਪਰ ਬਣ ਗਿਆ ਹੈ। ਇਸ ਨਾਲ ਉਹ ਬੱਲੇਬਾਜ਼ਾਂ ਦੀ ਸੂਚੀ ਵਿਚ 13ਵੇਂ ਸਥਾਨ ’ਤੇ ਬਰਕਰਾਰ ਹੈ।