ਲੰਡਨ, 28 ਜੂਨ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਮੁਹਾਲੀ ਦਾ ਪੀਸੀਏ ਸਟੇਡੀਅਮ ਆਈਸੀਸੀ ਦੇ ਮਿਆਰ ’ਤੇ ਖਰਾ ਨਹੀਂ ਉਤਰਿਆ ਜਿਸ ਕਾਰਨ ਉਸ ਨੂੰ ਇਕ ਰੋਜ਼ਾ ਵਿਸ਼ਵ ਕੱਪ ਦਾ ਕੋਈ ਮੈਚ ਅਲਾਟ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਕ੍ਰਿਕਟ ਮੈਚਾਂ ਲਈ ਸਟੇਡੀਅਮਾਂ ਦੀ ਚੋਣ ’ਚ ਬੀਸੀਸੀਆਈ ਦਾ ਕੋਈ ਹੱਥ ਨਹੀਂ ਹੈ ਅਤੇ ਇਸ ਲਈ ਆਈਸੀਸੀ ਦੀ ਸਹਿਮਤੀ ਜ਼ਰੂਰੀ ਹੈ। ਸ਼ੁਕਲਾ ਨੇ ਕਿਹਾ ਕਿ ਜੇਕਰ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਤਿਆਰ ਹੁੰਦਾ ਤਾਂ ਉਸ ਨੂੰ ਵਿਸ਼ਵ ਕੱਪ ਦਾ ਮੈਚ ਮਿਲ ਜਾਣਾ ਸੀ। ਮੁਹਾਲੀ ’ਚ ਕੋਈ ਮੈਚ ਨਾ ਕਰਵਾਏ ਜਾਣ ’ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਤਿੱਖਾ ਇਤਰਾਜ਼ ਜਤਾਏ ਜਾਣ ਮਗਰੋਂ ਸ਼ੁਕਲਾ ਦਾ ਇਹ ਬਿਆਨ ਆਇਆ ਹੈ। ਸ਼ੁਕਲਾ ਨੇ ਕਿਹਾ ਕਿ ਇਸ ਵਾਰ ਵਿਸ਼ਵ ਕ੍ਰਿਕਟ ਕੱਪ ਲਈ 12 ਸਟੇਡੀਅਮਾਂ ਦੀ ਚੋਣ ਕੀਤੀ ਗਈ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ। ‘ਪਿਛਲੇ ਵਿਸ਼ਵ ਕੱਪਾਂ ’ਚ ਇਨ੍ਹਾਂ ਸਟੇਡੀਅਮਾਂ ਦੀ ਚੋਣ ਨਹੀਂ ਕੀਤੀ ਗਈ ਸੀ। ਤ੍ਰਿਵੇਂਦਰਮ ਅਤੇ ਗੁਹਾਟੀ ’ਚ ਵਾਰਮ-ਅਪ ਮੈਚ ਹੋਣਗੇ ਜਦਕਿ ਬਾਕੀ ਸਟੇਡੀਅਮਾਂ ’ਚ ਲੀਗ ਮੁਕਾਬਲੇ ਹੋਣਗੇ। ਸਾਊਥ ਜ਼ੋਨ ਤੋਂ ਚਾਰ ਥਾਵਾਂ, ਸੈਂਟਰਲ ਜ਼ੋਨ ਤੋਂ ਇਕ, ਵੈਸਟ ਜ਼ੋਨ ਤੋਂ ਦੋ, ਨੌਰਥ ਜ਼ੋਨ ਤੋਂ ਦੋ ਸਥਾਨਾਂ ਦੀ ਚੋਣ ਕੀਤੀ ਗਈ ਹੈ। ਨੌਰਥ ਜ਼ੋਨ ’ਚੋਂ ਦਿੱਲੀ ਅਤੇ ਧਰਮਸ਼ਾਲਾ ਮੈਚਾਂ ਦੀ ਮੇਜ਼ਬਾਨੀ ਕਰਨਗੇ।’ ਸ਼ੁਕਲਾ ਨੇ ਕਿਹਾ ਕਿ ਮੁਹਾਲੀ ’ਚ ਦੁਵੱਲੀ ਲੜੀਆਂ ਦੇ ਮੈਚ ਕਰਵਾਏ ਜਾਣਗੇ ਅਤੇ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ।