ਚੇਨੱਈ, 19 ਫਰਵਰੀ

ਦੱਖਣੀ ਅਫ਼ਰੀਕਾ ਦਾ ਆਲਰਾਊਂਡਰ ਕ੍ਰਿਸ ਮੌਰਿਸ ਅੱਜ ਆਈਪੀਐੱਲ ਦੀ ਨਿਲਾਮੀ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਬਣ ਗਿਆ। ਉਸ ਨੇ ਨਿਲਾਮੀ ਵਿੱਚ ਯੁਵਰਾਜ ਨੂੰ ਪਛਾੜ ਦਿੱਤਾ। ਉਸ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ ਰੁਪਏ ਵਿੱਚ ਖਰੀਦਿਆ। ਮੋਰਿਸ ਦਾ ਰਾਖਵਾਂ ਮੁੱਲ 75 ਲੱਖ ਰੁਪਏ ਸੀ ਪਰ ਉਸ ਲਈ ਚਾਰ ਟੀਮਾਂ ਨੇ ਬੋਲੀ ਲਾਈ। ਯੁਵਰਾਜ ਨੂੰ ਦਿੱਲੀ ਕੈਪੀਟਲਜ਼ ਨੇ 2015 ਵਿੱਚ 16 ਕਰੋੜ ਰੁਪਏ ਵਿੱਚ ਖਰੀਦਿਆ ਸੀ। ਹਾਲਾਂਕਿ ਆਈਪੀਐੱਲ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਵਿਰਾਟ ਕੋਹਲੀ ਹੀ ਰਹੇਗਾ ਜਿਸ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ 17 ਕਰੋੜ ਵਿੱਚ ਟੀਮ ਵਿੱਚ ਬਰਕਰਾਰ ਰੱਖਿਆ ਸੀ। ਮੋਰਿਸ ਨੇ 70 ਆਈਪੀਐੱਲ ਮੈਚਾਂ ਵਿੱਚ 23.95 ਦੀ ਔਸਤ ਨਾਲ 551 ਦੌੜਾਂ ਬਣਾਈਆਂ ਤੇ 80 ਵਿਕਟਾਂ ਲਈਆਂ। ਆਸਟਰੇਲਿਆਈ ਕ੍ਰਿਕਟਰ ਗਲੇਨ ਮੈਕਸਵੈੱਲ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਭਾਵੇਂ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਪਰ ਅੱਜ ਹੋਈ ਨਿਲਾਮੀ ਵਿੱਚ ਉਸ ਦੀ ਬੋਲੀ 14.25 ਕਰੋੜ ਰੁਪਏ ਵਿੱਚ ਹੋਈ ਅਤੇ ਉਸ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ ਖਰੀਦਿਆ। ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੂੰ ਚੇਨੱਈ ਸੁਪਰਕਿੰਗਜ਼ ਨੇ ਸੱਤ ਕਰੋੜ ਵਿੱਚ ਖਰੀਦਿਆ। ਮੈਕਸਵੈੱਲ ਅਤੇ ਮੋਈਨ ਅਲੀ ਦਾ ਰਾਖਵਾਂ ਮੁੱਲ ਮਹਿਜ਼ ਦੋ ਕਰੋੜ ਰੁਪਏ ਸੀ। ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਦਿੱਲੀ ਕੈਪੀਟਲਜ਼ ਨੇ ਮਹਿਜ਼ 2.20 ਕਰੋੜ ਵਿੱਚ ਖਰੀਦਿਆ। ਬੰਗਲਾਦੇਸ਼ੀ ਸਟਾਰ ਸਾਕਿਬ ਅਲ ਹਸਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 3.2 ਕਰੋੜ ਰੁਪਏ ਵਿੱਚ ਖਰੀਦਿਆ। ਕੋਲਕਾਤਾ ਨਾਈਟਰਾਈਡਰਜ਼ ਨੇ ਮੈਕਸਵੈੱਲ ’ਤੇ ਬੋਲੀ ਲਾਉਣ ਦੀ ਸ਼ੁਰੂਆਤ ਕੀਤੀ ਸੀ ਪਰ ਅੰਤ ਵਿੱਚ ਚੇਨੱਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿੱਚ ਉਸ ਨੂੰ ਲੈਣ ਦੀ ਹੋੜ ਲਗ ਗਈ। ਮਗਰੋਂ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਉਸ ਨੂੰ 1.96 ਮਿਲੀਅਨ ਡਾਲਰ ਦੀ ਬੋਲੀ ਨਾਲ ਖਰੀਦਿਆ। ਨਿਲਾਮੀ ਦੇ ਪਹਿਲੇ ਘੰਟੇ ਵਿੱਚ ਜੋ ਖਿਡਾਰੀ ਨਹੀਂ ਵਿਕ ਸਕੇ ਉਨ੍ਹਾਂ ਵਿੱਚ ਕਰੁਣ ਨਾਇਰ, ਅਲੈਕਸ ਹੇਲਸ, ਜੇਸਨ ਰਾਇ, ਕੇਦਾਰ ਯਾਦਵ ਅਤੇ ਅਰੋਨ ਫਿੰਚ ਸ਼ਾਮਲ ਸਨ। ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੂੰ ਰਾਜਸਥਾਨ ਰਾਇਲਜ਼ ਨੇ ਚਾਰ ਕਰੋੜ 40 ਲੱਖ ਰੁਪਏ ਵਿੱਚ ਖਰੀਦਿਆ। ਉਸ ਦਾ ਰਾਖਵਾਂ ਮੁੱਲ 50 ਲੱਖ ਰੁਪਏ ਸੀ।