ਕੋਲਕਾਤਾ:ਬੰਗਾਲ ਕ੍ਰਿਕਟ ਐਸੋਸੀਏਸ਼ਨ (ਕੈਬ) ਨੌਂ ਮਈ ਤੋਂ ਇੰਡੀਅਨ ਪ੍ਰੀਮੀਅਰ ਲੀਗ ਮੈਚਾਂ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਈਡਨ ਗਾਰਡਨਜ਼ ਵਿੱਚ ਆਪਣੀ ਕਮੇਟੀ ਦੇ ਮੈਂਬਰਾਂ, ਕਰਮਚਾਰੀਆਂ ਅਤੇ ਮੈਦਾਨ ਵਿੱਚ ਕੰਮ ਕਰਨ ਵਾਲੇ ਕਾਮਿਆਂ ਦਾ ਕੋਵਿਡ-19 ਟੀਕਾਕਰਨ ਕਰਵਾਏਗੀ। ਸੂਬਾ ਸਰਕਾਰ ਨੇ ‘ਕੈਬ’ ਅਤੇ ਏਐੱਮਆਰਆਈ ਹਸਪਤਾਲ ਦੀ ਅਰਜ਼ੀ ਦੇ ਮੁਲਾਂਕਣ ਪ੍ਰਕਿਰਿਆ ਮਗਰੋਂ ਟੀਕਾਰਕਨ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਐਸੋਸੀਏਸ਼ਨ ਦੇ 45 ਸਾਲਾਂ ਤੋਂ ਵੱਧ ਉਮਰ ਵਾਲੇ ਸਾਰੇ ਕਰਮਚਾਰੀਆਂ ਨੂੰ ਪਹਿਲਾ ਟੀਕਾ ਲੱਗਣ ਦੀ ਉਮੀਦ ਬੱਝ ਗਈ ਹੈ। ਦੱਸਣਯੋਗ ਹੈ ਕਿ ਈਡਨ ਗਾਰਡਨਜ਼ ਆਈਪੀਐੱਲ ਦੇ ਦਸ ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਨ੍ਹਾਂ ਵਿੱਚੋਂ ਪਹਿਲਾ ਮੈਚ ਨੌਂ ਮਈ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਤੇ ਸਨਰਾਈਜਰਜ਼ ਹੈਦਰਾਬਾਦ ਵਿਚਕਾਰ ਖੇਡਿਆ ਜਾਵੇਗਾ।