ਨਵੀਂ ਦਿੱਲੀ:ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਇਸ ਵਾਰ 9 ਅਪਰੈਲ ਤੋਂ 30 ਮਈ ਤਕ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਛੇ ਸ਼ਹਿਰਾਂ ਵਿੱਚ ਹੋਣ ਵਾਲੇ ਇਨ੍ਹਾਂ ਮੈਚਾਂ ਵਿੱਚ ਕੋਈ ਵੀ ਟੀਮ ਆਪਣੇ ਘਰੇਲੂ ਮੈਦਾਨ ਵਿੱਚ ਨਹੀਂ ਖੇਡੇਗੀ। ਮੁੰਬਈ ’ਚ ਕਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਇਸ ਨੂੰ ਮੇਜ਼ਬਾਨ ਸਥਾਨ ਵਜੋਂ ਚੁਣਿਆ ਗਿਆ ਹੈ। ਸ਼ੁਰੂਆਤੀ ਪੜਾਅ ਵਿੱਚ ਟੂਰਨਾਮੈਂਟ ਖਾਲੀ ਸਟੇਡੀਅਮਾਂ ਵਿੱਚ ਖੇਡਿਆ ਜਾਵੇਗਾ। ਆਈਪੀਐੱਲ ਗਵਰਨਿੰਗ ਕੌਂਸਲ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮੈਚ ਮੁੰਬਈ ਤੋਂ ਇਲਾਵਾ ਅਹਿਮਦਾਬਾਦ, ਬੰਗਲੁਰੂ, ਚੇਨੱਈ, ਦਿੱਲੀ ਅਤੇ ਕੋਲਕਾਤਾ ਵਿੱਚ ਖੇਡੇ ਜਾਣਗੇ। ਪਹਿਲਾ ਮੈਚ 9 ਅਪਰੈਲ ਨੂੰ ਚੇਨੱਈ ਵਿੱਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੋਰ ਵਿਚਾਲੇ ਖੇਡਿਆ ਜਾਵੇਗਾ ਜਦਕਿ ਫਾਈਨਲ 30 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਵੇਗਾ।