ਨਵੀਂ ਦਿੱਲੀ, 5 ਦਸੰਬਰ
ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੀ 18 ਦਸੰਬਰ ਨੂੰ ਜੈਪੁਰ ਵਿੱਚ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ ਵਿੱਚ ਅੱਠ ਫਰੈਂਚਾਇਜ਼ੀ ਟੀਮਾਂ ’ਚ 70 ਉਪਲਬਧ ਥਾਵਾਂ ਲਈ 1003 ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।
ਪੂਰਬ-ਉੱਤਰ ਦੇ ਰਾਜਾਂ ਉੱਤਰਾਖੰਡ ਅਤੇ ਬਿਹਾਰ ਦੇ ਕ੍ਰਿਕਟਰਾਂ ਤੋਂ ਇਲਾਵਾ 232 ਵਿਦੇਸ਼ੀ ਖਿਡਾਰੀਆਂ ਨੇ ਵੀ ਨਿਲਾਮੀ ਲਈ ਰਜਿਸਟਰੇਸ਼ਨ ਕਰਵਾਈ ਹੈ। ਰਜਿਸਟਰਡ ਖਿਡਾਰੀਆਂ ’ਚੋਂ 800 ਨੇ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ ਜਿਨ੍ਹਾਂ ’ਚ 746 ਭਾਰਤੀ ਖਿਡਾਰੀ ਸ਼ਾਮਲ ਹਨ। ਵਿਦੇਸ਼ੀਆਂ ’ਚ ਆਸਟਰੇਲੀਆ ਦੇ 35 ਜਦੋਂਕਿ ਅਫ਼ਗਾਨਿਸਤਾਨ ਦੇ 27 ਖਿਡਾਰਨੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ। ਸਭ ਤੋਂ ਜ਼ਿਆਦਾ ਦੱਖਣੀ ਅਫਰੀਕਾ ਦੇ 59 ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ। ਅਮਰੀਕਾ, ਹਾਂਗਕਾਂਗ ਅਤੇ ਆਇਰਲੈਂਡ ਦਾ ਇਕ ਇਕ ਖਿਡਾਰੀ ਇਸ ਸ਼ੁਰੂਆਤੀ ਸੂਚੀ ’ਚ ਸ਼ਾਮਲ ਹੈ।
ਨਿਲਾਮੀ ਲਈ ਇਸ ਸੂਚੀ ਵਿੱਚ ਛਾਂਟੀ ਕੀਤੀ ਜਾਵੇਗੀ ਤੇ ਫਰੈਂਚਾਇਜ਼ੀ ਨੂੰ ਆਪਣੀ ਪਸੰਦ ਦੇ ਖਿਡਾਰੀਆਂ ਦੀ ਸੂਚੀ ਦੇਣ ਲਈ 10 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਨਿਲਾਮੀ ਦੇ ਸੰਚਾਲਨ ਦੀ ਜ਼ਿੰਮੇਵਾਰੀ ਇਸ ਵਾਰ ਹਿਊ ਐਡਮੀਡਜ਼ ਨੂੰ ਸੌਂਪੀ ਗਈ ਹੈ।