ਬੰਗਲੌਰ, ਇੰਗਲੈਂਡ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਨਿਲਾਮੀ ਦੇ ਦੂਜੇ ਦਿਨ ਅੱਜ ਪੰਜਾਬ ਕਿੰਗਜ਼ ਨੇ 11.50 ਕਰੋੜ ਰੁਪਏ ਵਿਚ ਆਪਣੇ ਨਾਲ ਜੋੜ ਲਿਆ ਜਦਕਿ ਮੁੰਬਈ ਇੰਡੀਅਨਜ਼ ਨੇ ਜੋਫਰਾ ਆਰਚਰ ’ਤੇ ਅੱਠ ਕਰੋੜ ਰੁਪਏ ਖਰਚ ਕੀਤੇ ਜੋ ਕਿ ਜ਼ਖ਼ਮੀ ਹੋਣ ਕਰ ਕੇ ਇਸ ਸੈਸ਼ਨ ਵਿਚ ਖੇਡ ਵੀ ਨਹੀਂ ਸਕੇਗਾ।

ਟੀਮਾਂ ਨੇ ਭਾਰਤ ਦੇ ਮੌਜੂਦਾ ਖਿਡਾਰੀਆਂ ’ਤੇ ਵੱਡੀ ਰਾਸ਼ੀ ਖਰਚ ਕੀਤੀ ਜਦਕਿ ਵਿਦੇਸ਼ਾਂ ਦੇ ਫਾਰਮ ਵਿਚ ਚੱਲ ਰਹੇ ਖਿਡਾਰੀਆਂ ’ਤੇ ਜ਼ਿਆਦਾ ਧਿਆਨ ਦਿੱਤਾ। ਫਰੈਂਚਾਇਜ਼ੀ ਨੇ ਸਟੀਵ ਸਮਿੱਥ, ਆਰੋਨ ਫਿੰਚ, ਸੁਰੇਸ਼ ਰੈਨਾ ਅਤੇ ਇਸ਼ਾਂਤ ਸ਼ਰਮਾ ਵਰਗੇ ਵੱਡੇ ਨਾਮਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ। ਦੋ ਦਿਨ ਚੱਲੀ ਨਿਲਾਮੀ ਅੱਜ ਸਮਾਪਤ ਹੋ ਗਈ ਜਿਸ ਵਿਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਨੇ ਮੋਟੀ ਰਕਮ ਲਗਾਈ ਜਦਕਿ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਬੱਲੇਬਾਜ਼ੀ ਵਿਚ ਮਜ਼ਬੂਤ ਪਰ ਗੇਂਦਬਾਜ਼ੀ ਵਿਚ ਥੋੜ੍ਹੀ ਕਮਜ਼ੋਰ ਨਜ਼ਰ ਆ ਰਹੀਆਂ ਹਨ।

ਪੰਜਾਬ ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਓਡੀਅਨ ਸਮਿੱਥ ਲਈ ਵੀ ਛੇ ਕਰੋੜ ਰੁਪਏ ਖਰਚ ਕੀਤੇ। ਭਾਰਤ ਦੇ ਖੱਬੇ ਹੱਥ ਦੇ ਗੇਂਦਬਾਜ਼ਾਂ ਖਲੀਲ ਅਹਿਮਦ ਅਤੇ ਚੇਤਨ ਸਕਾਰੀਆ 4.20 ਕਰੋੜ ਰੁਪਏ ਵਿਚ ਵਿਕੇ।

ਹੋਰ ਭਾਰਤੀ ਖਿਡਾਰੀਆਂ ਵਿਚਾਲੇ ਆਲਰਾਊਂਡਰ ਸ਼ਿਵਮ ਦੂਬੇ ਨੂੰ ਛੱਕੇ ਮਾਰਨ ਦੀ ਉਨ੍ਹਾਂ ਦੀ ਸਮਰੱਥਾ ਕਰ ਕੇ ਚੇਨੱਈ ਸੁਪਰਕਿੰਗਜ਼ ਨੇ ਚਾਰ ਕਰੋੜ ਰੁਪਏ ’ਚ ਆਪਣੇ ਨਾਲ ਜੋੜਿਆ ਜਦਕਿ ਗੁਜਰਾਤ ਟਾਈਟਨਜ਼ ਨੇ ਭਾਰਤੀ ਟੀਮ ’ਚੋਂ ਬਾਹਰ ਚੱਲ ਰਹੇ ਇਕ ਹੋਰ ਆਲਰਾਊਂਡਰ ਵਿਜੈ ਸ਼ੰਕਰ ਨੂੰ 1.40 ਕਰੋੜ ਰੁਪੲੇ ਵਿਚ ਖਰੀਦਿਆ।

ਮੁੰਬਈ ਨੇ ਸਿੰਗਾਪੁਰ ਦੇ ਆਲਰਾਊਂਡਰ ਟਿਮ ਡੇਵਿਡ ’ਤੇ ਹੈਰਾਨੀਜਨਕ ਢੰਗ ਨਾਲ 8.25 ਕਰੋੜ ਰੁਪਏ ਖਰਚੇ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਨੇ ਵੈਸਟਇੰਡੀਜ਼ ਦੇ ਆਲਰਾਊਂਡਰ ਰੋਮੈਰੀਓ ਸ਼ੈਫਰਡ ਨੂੰ 7.75 ਕਰੋੜ ਰੁਪਏ ਵਿਚ ਖਰੀਦਿਆ। ਭਾਰਤੀ ਵਿਕਟਕੀਪਰ ਰਿੱਧੀਮਾਨ ਸਾਹਾ, ਆਸਟਰੇਲੀਆ ਦੇ ਵਿਕਟਕੀਪਰ ਮੈਥਿਊ ਵੇਡ ਅਤੇ ਇੰਗਲੈਂਡ ਦੇ ਸੈਮ ਬਿਲਿੰਗਜ਼ ਨੂੰ ਦੂਜੀ ਬੋਲੀ ਵਿਚ ਟੀਮ ਮਿਲ ਗਈ ਜਦਕਿ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਨੂੰ ਗੁਜਰਾਤ ਨੇ ਤਿੰਨ ਕਰੋੜ ਰੁਪਏ ਵਿਚ ਖਰੀਦਿਆ। ਚੇਤੇਸ਼ਵਰ ਪੁਜਾਰਾ ਨੂੰ ਨਿਲਾਮੀ ਵਿਚ ਕੋਈ ਖਰੀਦਦਾਰ ਨਹੀਂ ਮਿਲਿਆ ਜਦਕਿ ਅਜਿੰਕਿਆ ਰਹਾਣੇ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਇਕ ਕਰੋੜ ਰੁਪਏ ਦੇ ਉਨ੍ਹਾਂ ਦੇ ਆਧਾਰ ਮੁੱਲ ’ਤੇ ਖਰੀਦਿਆ। ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੂੰ ਮੁਬੰਈ ਨੇ 30 ਲੱਖ ਰੁਪਏ ਵਿਚ ਖਰੀਦਿਆ।